ਬੋਰਵੈਲ ਵਿਚ ਡਿੱਗੇ ਚਾਰ ਸਾਲ ਦੇ ਬੱਚੇ ਨੂੰ ਬਚਾਉਣ ਲਈ ਜੰਗ ਜਾਰੀ

ਅੰਬਾਲਾ, 30 ਜੂਨ:- ਅੰਬਾਲਾ ਦੇ ਧਨਿਓੜਾ ਪਿੰਡ ਵਿਚ ਅੱਜ ਸਵੇਰੇ ਖੇਡਦੇ ਸਮੇਂ ਗੁਰਪ੍ਰੀਤ ਸਿੰਘ ਦਾ ਚਾਰ ਸਾਲ ਦਾ ਬੇਟਾ ਨਿਰਭੈ ਸਿੰਘ 220 ਫੁੱਟ ਡੂੰਘੇ ਬੋਰਵੈਲ ਵਿਚ ਡਿਗ ਪਿਆ। ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ  ਕਰੀਬ 7:30 ਵਜੇ ਆਪਣੇ ਪਿਤਾਂ, ਚਾਚੇ ਅਤੇ ਚਚੇਰੇ ਭਰਾ ਨਾਲ ਖੇਤ ਗਿਆ ਸੀ। ਉਹ ਆਪਣੇ ਚਾਚੇ ਹਰਨੇਕ ਸਿੰਘ ਦੇ ਖੇਤ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਇੱਕ ਖੁੱਲ੍ਹੇ ਟਿਊਬਵੈੱਲ ਦੇ ਡੂੰਘੇ ਬੋਰਵੈਲ ਵਿੱਚ ਡਿਗ ਗਿਆ। 
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਪਰਿਵਾਰਕ ਮੈਂਬਰ ਨੇੜੇ ਹੀ ਮੌਜੂਦ ਸਨ। ਜਿਵੇਂ ਹੀ ਬੱਚਾ ਬੋਰਵੈਲ ਵਿੱਚ ਡਿੱਗਿਆ, ਚੀਕ-ਚਿਹਾੜਾ ਪੈ ਗਿਆ। ਬਿਨਾਂ ਕੋਈ ਸਮਾਂ ਬਰਬਾਦ ਕੀਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਜਿਸ ਨੇ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਸਟਾਫ਼ ਅਤੇ ਰਾਹਤ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ। ਡਿਪਟੀ ਕਮਿਸ਼ਨਰ ਨੇ ਬਚਾਅ ਮਿਸ਼ਨ ਦੀ ਜ਼ਿੰਮੇਵਾਰੀ ਸੰਭਾਲ ਲਈ। 
ਸਵੇਰੇ ਸਭ ਤੋਂ ਪਹਿਲਾਂ ਡਾਇਲ 112 ਦੀ ਟੀਮ ਸਾਢੇ 9 ਵਜੇ ਮੌਕੇ ਤੇ ਪਹੁੰਚੀ। ਉਸ ਤੋਂ ਬਾਅਦ ਐਂਬੂਲੈਂਸ, ਫਾਇਰ ਬ੍ਰਿਗੇਡ, ਪੁਲੀਸ, ਅੰਬਾਲਾ ਕੈਂਟ ਦੀ ਐਸਡੀਐਮ ਕਨਿਕਾ ਅਗਰਵਾਲ, ਐਨਡੀਆਂਰਐਫ ਦੀ ਟੀਮ, ਜ਼ਿਲ੍ਹੇ ਦੇ ਆਹਲਾ ਅਧਿਕਾਰੀ, ਡਾਕਟਰਾਂ ਦੀ ਟੀਮ, ਕਈ ਜੇਸੀਬੀ ਮਸ਼ੀਨਾਂ, ਆਰਮੀ ਦੀ ਟੀਮ ਮੌਕੇ ਤੇ ਪਹੁੰਚੇ ਅਤੇ ਐਨਡੀਆਐਫ ਦੀ ਟੀਮ ਬੱਚੇ ਨੂੰ ਬੋਰ ਵੈਲ ਵਿਚੋਂ ਸੁਰੱਖਿਅਤ ਬਾਹਰ ਕੱਢਣ ਵਿਚ ਜੁੱਟ ਗਈ। ਬੋਰਵੈਲ ਵਿਚ ਕੈਮਰੇ ਪਾਏ ਗਏ ਅਤੇ ਬੱਚੇ ਨੂੰ ਆਕਸੀਜਨ ਪਹੁੰਚਾਉਣ ਲਈ ਤੁਰੰਤ ਪ੍ਰਬੰਧ ਕੀਤੇ ਗਏ। ਰੱਸੀ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਬੱਚੇ ਨੂੰ ਬਚਾਉਣ ਲਈ ਪਿਛਲੇ 10 ਘੰਟਿਆਂ ਵਿਚ ਕਈ ਤਕਨੀਕਾਂ ਵਰਤੀਆਂ ਗਈਆਂ ਹਨ। 
ਦੂਜੇ ਪਾਸੇ ਬੱਚੇ ਦੇ ਦਾਦੇ ਦਾ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਕਿ ਪਿਤਾ ਕਈ ਵੇਰ ਬੇਹੋਸ਼ ਹੋ ਚੁੱਕਾ ਹੈ। ਰੁਕ ਰੁਕ ਕੇ ਪੈ ਰਹੀ ਬਾਰਸ਼ ਅਤੇ ਰਿਸ ਰਿਹਾ ਪਾਣੀ ਬਚਾਅ ਕਾਰਜ ਲਈ ਮੁਸ਼ਕਿਲ ਬਣ ਰਿਹਾ ਹੈ। ਬਾਰਸ਼ ਤੋਂ ਬਚਣ ਲਈ ਬੋਰਵੈਲ ਦੇ ਉੱਤੇ ਟੈਂਟ ਲਾਇਆ ਗਿਆ ਹੈ ਜਦੋਂ ਕਿ ਬੋਰਵੈਲ ਵਿਚ ਪਾਣੀ ਰਿਸਣ ਨਾਲ ਰੌਸ਼ਨੀ ਘਟ ਗਈ ਹੇ।
ਬੋਰਵੈੱਲ ਦੇ ਅੰਦਰ ਕੈਮਰਾ ਲਾ ਕੇ ਬੱਚੇ ਦੀ ਹਾਲਤ ਅਤੇ ਹਰਕਤਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਹਾਲਾਂ ਕਿ ਬੱਚੇ ਨਾਲ ਸੰਚਾਰ ਅਜੇ ਸਥਾਪਤ ਨਹੀਂ ਹੋਇਆ ਹੈ। ਕੈਮਰਾ ਬੱਚੇ ਦੇ ਇੱਕ ਹੱਥ ਨੂੰ ਦਰਸਾਉਂਦਾ ਹੈ। ਮੌਜੂਦਾ ਰਣਨੀਤੀ ਉਸ ਹੱਥ ਨਾਲ ਸੁਰੱਖਿਅਤ ਢੰਗ ਨਾਲ ਰੱਸੀ ਬੰਨ੍ਹਣਾ ਅਤੇ ਫਿਰ ਉਸ ਨੂੰ ਉੱਪਰ ਵੱਲ ਖਿੱਚਣਾ ਹੈ। ਬਚਾਅ ਟੀਮ ਇਸ ਸਮੇਂ ਇਸ ਤਕਨੀਕ 'ਤੇ ਕੰਮ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕਿਹਾ ਕਿ ਜੇਕਰ ਤਕਨੀਕੀ ਸਾਧਨ ਰੱਸੀ ਦੀ ਵਰਤੋਂ ਕਰਕੇ ਬੱਚੇ ਨੂੰ ਬਚਾਉਣ ਵਿੱਚ ਸਫਲ ਨਹੀਂ ਹੁੰਦੇ ਤਾਂ ਪ੍ਰਸ਼ਾਸਨ ਨੇ ਇੱਕ ਬੈਕਅੱਪ ਯੋਜਨਾ ਤਿਆਰ ਕੀਤੀ ਹੈ। ਇਸ ਉਦੇਸ਼ ਲਈ ਇੱਕ ਵੱਡੀ ਬੋਰਵੈੱਲ ਮਸ਼ੀਨ ਮੰਗਵਾਈ ਜਾ ਰਹੀ ਹੈ। ਇਹ ਮਸ਼ੀਨ ਇਸ ਸਮੇਂ ਯਮੁਨਾ ਪੁਲ ਦੇ ਨੇੜੇ ਕਿਸੇ ਕੰਮ ਵਿੱਚ ਲੱਗੀ ਹੋਈ ਸੀ। ਜਲਦੀ ਹੀ ਇਹ ਮਸ਼ੀਨ ਇੱਥੇ ਲਿਆਂਦੀ ਜਾ ਰਹੀ ਹੈ ਤਾ ਕਿ ਸਮਾਨੰਤਰ ਖ਼ੁਦਾਈ ਦਾ ਕੰਮ ਵੀ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਐਨਡੀਆਰਐਫ ਜਿਸ ਢੰਗ ਨਾਲ ਕੰਮ ਕਰ ਰਹੀ ਹੈ ਉਸ ਨੂੰ ਕਾਫੀ ਪ੍ਰਗਤੀ ਮਿਲੀ ਹੈ। ਉਸ ਨੂੰ ਭਰੋਸਾ ਹੈ ਕਿ ਉਹ ਬੱਚੇ ਨੂੰ ਜਲੀ ਕੱਢ ਲੈਣਗੇ।