ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਲਜਿੰਦਰ ਮਾਨ ਨੇ ਦੁਆਬੇ ਦਾ ਮਾਣ ਵਧਾਇਆ
ਹੁਸ਼ਿਆਰਪੁਰ:- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਡਾ.ਜਗਦੀਪ ਸਿੰਘ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਅਤੇ ਪਬਲੀਕੇਸ਼ਨ ਬਿਊਰੋ ਦੇ ਸਾਂਝੇ ਉੱਦਮ ਸਦਕਾ 12 ਵੇਂ ਪੰਜ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਆਯੋਜਨ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਦੀ ਅਗਵਾਈ ਹੇਠ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਮੌਕੇ ਜਿੱਥੇ ਦੇਸ਼ ਭਰ ਦੇ ਪ੍ਰਕਾਸ਼ਕ ਆਪਣੀਆਂ ਪੁਸਤਕਾਂ ਦੀ ਨੁਮਾਇਸ਼ਾਂ ਲਗਾਉਣ ਲਈ ਪੁੱਜੇ ਉੱਥੇ ਪੰਜ ਦਿਨ ਸਾਹਿਤ ਕਲਾ ਸੱਭਿਆਚਾਰ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਦੇਸ਼ ਦੇ ਮਾਹਿਰ ਸਾਹਿਤਕਾਰ ਅਤੇ ਪਤਵੰਤੇ ਪੁੱਜਦੇ ਰਹੇ।
ਸੰਗੀਤਕ ਸ਼ਾਮਾਂ ਦਰਮਿਆਨ ਰਣਜੀਤ ਕੌਰ, ਗੁਲਸ਼ਨ ਕੋਮਲ, ਸੁੱਖੀ ਬਰਾੜ ਅਤੇ ਦੇਬੀ ਮਖਸੂਸਪੁਰੀ ਵਰਗੇ ਕਲਾਕਾਰਾਂ ਨੇ ਖੂਬ ਰੌਣਕਾਂ ਲਾਈ ਰੱਖੀਆਂ। ਇਸ ਉਤਸਵ ਦੇ ਪੰਜਵੇਂ ਦਿਨ ਪ੍ਰਬੰਧਕਾਂ ਵੱਲੋਂ ਸਮੇਂ ਦੀ ਲੋੜ ਨੂੰ ਮੱਦੇ ਨਜ਼ਰ ਰੱਖਦਿਆਂ ਇੱਕ ਨਵਾਂ ਤੇ ਨਰੋਆ ਉਪਰਾਲਾ ਬਾਲ ਸਾਹਿਤ ਸੰਵਾਦ ਰਚਾ ਕੇ ਕੀਤਾ। ਇਸ ਪੱਧਰ ਦੀ ਬਾਲ ਸਾਹਿਤ ਚਰਚਾ ਕਿਸੇ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਕਰਵਾਈ ਗਈ।
ਪ੍ਰਬੰਧਕਾਂ ਵੱਲੋਂ ਯੂਨੀਵਰਸਿਟੀ ਪੱਧਰ ਤੇ ਸ਼ੁਰੂ ਕੀਤੇ ਇਸ ਨਵੇਂ ਅਧਿਆਏ ਵਿੱਚ ਪੰਜਾਬ ਦੇ ਉੱਘੇ ਬਾਲ ਸਾਹਿਤ ਲੇਖਕ ਉਚੇਚੇ ਤੌਰ ਤੇ ਹਾਜ਼ਰ ਹੋਏ। ਜਿਸ ਵਿੱਚ ਅੰਮ੍ਰਿਤਸਰ ਤੋਂ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਡਾ. ਕੁਲਬੀਰ ਸਿੰਘ ਸੂਰੀ , ਬਾਲ ਸੰਦੇਸ਼ ਦੇ ਬਾਨੀ ਸੰਪਾਦਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੁਪੁੱਤਰ ਹਿਰਦੇਪਾਲ ਸਿੰਘ, ਚੰਡੀਗੜ੍ਹ ਤੋਂ ਮਨਮੋਹਨ ਸਿੰਘ ਦਾਊਂ, ਪਟਿਆਲੇ ਤੋਂ ਡਾ.ਦਰਸ਼ਨ ਸਿੰਘ ਆਸ਼ਟ (ਸਾਰੇ ਸਾਹਿਤ ਅਕੈਡਮੀ ਤੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਜੇਤੂ) ਅਤੇ ਦੁਆਬੇ ਦੀ ਨੁਮਾਇੰਦਗੀ ਇੰਡੀਆ ਬੁਕ ਆਫ਼ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕੀਤੀ।
ਬਾਲ ਸਾਹਿਤ ਦੇ ਸੰਵਾਦ ਦਾ ਵਿਸ਼ਾ 'ਬਾਲ ਸਾਹਿਤ ਦਾ ਸੰਕਟ: ਗੁਣਵੱਤਾ ਜਾਂ ਘਾਟ' ਦਿੱਤਾ ਗਿਆ ਸੀ। ਜਿਸ ਤੇ ਮਾਹਿਰ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਪੱਧਰ ਤੇ ਬਾਲ ਸਾਹਿਤ ਦੀ ਮਹੱਤਤਾ ਨੂੰ ਪਛਾਨਣ ਵਾਲੀ ਅਤੇ ਇਸ ਵਿਸ਼ੇ ਤੇ ਚਰਚਾ ਕਰਵਾਉਣ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।
ਹੁਣ ਇੱਥੋਂ ਪ੍ਰੇਰਨਾ ਲੈ ਕੇ ਹੋਰ ਯੂਨੀਵਰਸਿਟੀਆਂ ਵੀ ਬਾਲ ਸਾਹਿਤ ਦੀ ਗੱਲ ਤੋਰਨਗੀਆਂ। ਉਹ ਆਪਣੇ ਵਿਦਿਆਰਥੀਆਂ ਤੋਂ ਬਾਲ ਸਾਹਿਤ ਦੇ ਭਿੰਨ ਭਿੰਨ ਪਹਿਲੂਆਂ ਬਾਰੇ ਖੋਜ ਕਾਰਜ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੁੱਕਣਗੀਆਂ। ਭਾਸ਼ਾ ਦੇ ਵਿਕਾਸ ਦਾ ਮੁੱਢ ਬੱਚਿਆਂ ਨਾਲ ਹੀ ਬੱਝਦਾ ਹੈ। ਜੇਕਰ ਬੱਚੇ ਪੰਜਾਬੀ ਭਾਸ਼ਾ ਨੂੰ ਪਿਆਰ ਸਤਿਕਾਰ ਕਰਨ ਲੱਗ ਪੈਣਗੇ ਤਾਂ ਵੱਡਿਆਂ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਣੀ।
ਬੱਚਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਰੌਚਕ ਬਾਲ ਸਾਹਿਤ ਰਾਹੀਂ ਹੀ ਪੈਦਾ ਕੀਤਾ ਜਾ ਸਕਦਾ ਹੈ। ਉਮਰ ਗੁੱਟ ਅਨੁਸਾਰ ਸਿਰਜੀਆਂ ਬਾਲ ਪੁਸਤਕਾਂ ਅਤੇ ਬਾਲ ਰਸਾਲੇ ਅਧਿਆਪਕਾਂ ਤੇ ਮਾਪਿਆਂ ਦੁਆਰਾ ਉਨ੍ਹਾਂ ਹੱਥ ਜ਼ਰੂਰ ਪੁੱਜਣੇ ਚਾਹੀਦੇ ਹਨ। ਵਿਚਾਰ ਚਰਚਾ ਵਿੱਚ ਸ਼ਾਮਿਲ ਸਾਹਿਤਕਾਰਾਂ ਨੇ ਸਾਹਿਤ ਦੀਆਂ ਸਿਰਜਣ ਵਿਧੀਆਂ ਅਤੇ ਵੰਨਗੀਆਂ ਵਿੱਚ ਸ਼ਾਮਿਲ ਕਵਿਤਾ, ਕਹਾਣੀ, ਨਾਵਲ, ਚਿੱਤਰਕਾਰੀ, ਐਨੀਮੇਸ਼ਨ, ਰਸਾਲੇ, ਵਿੱਦਿਅਕ ਪ੍ਰਬੰਧ, ਪ੍ਰਕਾਸ਼ਨ, ਸਰਕਾਰ ਦੀ ਭੂਮਿਕਾ ਆਦਿ ਵਿਸ਼ਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਤੇ ਨਿਖਾਰਿਆ।
ਇਸ ਮੌਕੇ ਬਲਜਿੰਦਰ ਮਾਨ ਨੇ ਜਿੱਥੇ ਬਾਲ ਸਾਹਿਤ ਸੰਵਾਦ ਰਚਾਇਆ ਉੱਥੇ ਸੰਵਾਦ ਕਰਤਾ ਵਜੋਂ ਵੀ ਸ਼ਾਨਦਾਰ ਭੂਮਿਕਾ ਅਦਾ ਕਰਕੇ ਹੁਸ਼ਿਆਰਪੁਰ ਖਾਸ ਕਰ ਦੁਆਬੇ ਦਾ ਮਾਣ ਵਧਾਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਚਾਰ ਚਰਚਾ ਵਿੱਚ ਸ਼ਾਮਿਲ ਸਾਹਿਤਕਾਰਾਂ ਨੂੰ ਪੰਜਾਬੀ ਵਿਭਾਗ ਦੀ ਮੁਖੀ ਅਤੇ ਮੁੱਖ ਮੇਲਾ ਪ੍ਰਬੰਧਕ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਵਿਚਾਰ ਚਰਚਾ ਦੌਰਾਨ ਡਾ. ਦਰਸ਼ਨ ਸਿੰਘ ਆਸ਼ਟ ਦੇ ਦੋ ਨਾਟਕ ਸੰਗ੍ਰਹਿ 'ਤੁਸੀਂ ਬੱਚੇ ਕਦੋਂ ਬਣੋਗੇ ਅਤੇ ਹੋਰ ਬਾਲ ਨਾਟਕ, ਚੁਗਲਖੋਰ ਅਤੇ ਹੋਰ ਬਾਲ ਨਾਟਕ' ਅਤੇ ਨਿੱਕੀਆਂ ਕਰੂੰਬਲਾਂ ਦਾ ਨਵੀਨਤਮ ਅੰਕ ਵੀ ਜਾਰੀ ਕੀਤਾ ਗਿਆ।
