ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ

ਖਰੜ, 14 ਅਪ੍ਰੈਲ:- 14 ਅਪ੍ਰੈਲ 2026 ਨੂੰ ਖਾਲਸਾ ਪੰਥ ਦੀ ਸਿਰਜਣਾ ਦੇ 327 ਸਾਲ ਪੂਰੇ ਹੋ ਗਏ ਹਨ। 1699 ਵਿੱਚ ਵਿਸਾਖੀ ਵਾਲੇ ਦਿਨ, ਦਸਵੇਂ ਗੁਰੂ, ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪੰਜ ਪਿਆਰੇ: ਗੁਰੂ ਜੀ ਨੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਸਾਰਿਆਂ ਨੂੰ ਇੱਕ ਸਮਾਨ ਬਣਾਇਆ ਅਤੇ ਖੰਡੇ-ਬਾਟੇ ਦੀ ਪਾਹੁਲ ਛਕਾ ਕੇ 'ਪੰਜ ਪਿਆਰਿਆਂ' ਨੂੰ ਅੰਮ੍ਰਿਤ ਦੀ ਦਾਤ ਬਖਸ਼ੀ।
 ਪੰਥ: ਖਾਲਸਾ ਪੰਥ ਦੀ ਸਿਰਜਣਾ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ, ਜੋ ਜ਼ੁਲਮ ਦੇ ਖਿਲਾਫ ਲੜਨ ਅਤੇ ਧਰਮ ਦੀ ਰੱਖਿਆ ਕਰਨ ਲਈ ਤਿਆਰ ਸਨ।ਅਨੰਦਪੁਰ ਸਾਹਿਬ ਦਾ ਸਮਾਗਮ: ਹਰ ਸਾਲ, ਖਾਲਸਾ ਸਾਜਨਾ ਦਿਵਸ 'ਤੇ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਸਮੇਤ ਪੂਰੀ ਦੁਨੀਆ ਵਿੱਚ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਇਹ ਦਿਨ ਸਿੱਖ ਕੌਮ ਲਈ ਏਕਤਾ, ਹੌਂਸਲੇ ਅਤੇ ਧਰਮ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਲੈ ਕੇ ਆਉਂਦਾ ਹੈ।
327ਵੇਂ ਖਾਲਸਾ ਸਾਜਨਾ ਦਿਵਸ 'ਤੇ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਅੰਮ੍ਰਿਤ ਛਕ ਕੇ, ਗੁਰਮਤਿ ਦੇ ਧਾਰਨੀ ਬਣਨ ਅਤੇ 'ਖਾਲਸਾ' ਵਾਲੇ ਗੁਣ ਅਪਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸੀ ਤਹਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸਨੀ ਇਨਕਲੇਵ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਬੜੀ ਧੂਮਧਾਮ ਨਾਲ ਮਨਾਈ ਗਈ ।ਪਰਸੋਂ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਸ ਦੇ ਅੱਜ ਭੋਗ ਪਾਏ ਗਏ ਭੋਗ ਪੈਣ ਨੂੰ ਉਪਰੰਤ ਗੁਰਬਾਣੀ ਕੀਰਤਨ ਭਾਈ ਸਿਮਰਨਜੀਤ ਸਿੰਘ ਅੰਗਦ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਇੱਕ ਘੰਟਾ ਕੀਰਤਨ ਕੀਤਾ ਗਿਆ। 
ਢਾਡੀ ਵਾਰਾਂ ਢਾਡੀ ਜੱਥਾ ਬਲਵੀਰ ਸਿੰਘ ਰੰਗੀਲਾ ਨੇ ਡੇਢ ਘੰਟਾ ਆਪਣੇ ਢਾਡੀ ਵਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਅਤੇ ਹੈਡ ਗ੍ਰੰਥੀ ਭਾਈ ਗੁਰਚਰਨ ਸਿੰਘ ਜੀ ਨੇ ਵਿਸਾਖੀ ਦੇ ਤਿਉਹਾਰ ਤੇ ਵਿਸਥਾਰ ਪੂਰਵਕ ਸੰਗਤਾਂ ਨੂੰ ਆਪਣੇ ਕਥਾ ਵਿਚਾਰਾਂ ਰਾਹੀਂ ਗੁਰ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ 11 ਅਪ੍ਰੈਲ 2026 ਸ਼ਨੀਵਾਰ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ ਜਿਸ ਵਿੱਚ ਲਗਭਗ 25 ਤੋਂ 30 ਪੁਰਾਣਿਆਂ ਨੇ ਅੰਮ੍ਰਿਤ ਛਕਿਆ। 
ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਬੱਬੂ ਨੇ ਵਿਸਾਖੀ ਦੇ ਮੌਕੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਆਈ ਨਾਮੀਂ ਸ਼ਖਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਰਦਾਰ ਹਰਮੇਸ਼ ਸਿੰਘ, ਜਨਰਲ ਸਕੱਤਰ ਪ੍ਰੇਮ ਸਿੰਘ ਮਲੋਆ, ਮਨਜੀਤ ਸਿੰਘ ਜਾਖੂ, ਤਰਲੋਚਨ ਸਿੰਘ, ਬੇਅੰਤ ਸਿੰਘ, ‌ਭਗਵੰਤ ਸਿੰਘ ਖਜ਼ਾਨਚੀ, ਹਰਮਿੰਦਰ ਸਿੰਘ, ਗੋਪਾਲ ਸਿੰਘ, ਕੁਲਵਿੰਦਰ ਸਿੰਘ ਹਰਭਜਨ ਸਿੰਘ, ਸੋਹਨ ਸਿੰਘ, ਅਤੇ ਹੋਰ ਮੈਂਬਰ ਹਾਜ਼ਰ ਸਨ।