ਐਚ ਆਈ ਐਮ ਟੀ ਕਾਲਜ ਵਿੱਚ ਨੇਤਰਦਾਨ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਹੁਸ਼ਿਆਰਪੁਰ- ਐਚ ਆਈ ਐਮ ਟੀ ਕਾਲਜ, ਟਾਂਡਾ ਵਿੱਚ ਅੱਜ ਨੇਤਰਦਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਟਾਂਡਾ ਇੰਚਾਰਜ ਅਤੇ ਸਟੇਟ ਐਵਾਰਡੀ *ਭਾਈ ਬਰਿੰਦਰ ਸਿੰਘ ਮਸੀਤੀ* ਸ਼ਾਮਲ ਹੋਏ।
ਇਸ ਮੌਕੇ ਭਾਈ ਮਸੀਤੀ ਨੇ ਵਿਦਿਆਰਥੀਆਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ *ਨੇਤਰਦਾਨ ਮਹਾਂਦਾਨ ਹੈ*, ਜੋ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਰਦਾਨ ਸਾਬਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨ ਨਾਲ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਆਉਂਦੀ ਹੈ, ਬਲਕਿ ਦਾਨੀ ਨੂੰ ਵੀ ਆਤਮਕ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਨੇਤਰਹੀਣਤਾ ਨੂੰ ਖਤਮ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ *ਮੌਤ ਤੋਂ ਪੰਜ ਤੋਂ ਛੇ ਘੰਟਿਆਂ ਅੰਦਰ ਹੀ ਦਾਨ ਲਈਆਂ ਜਾ ਸਕਦੀਆਂ ਹਨ*, ਅਤੇ ਹਰ ਉਮਰ ਦਾ ਵਿਅਕਤੀ ਨੇਤਰਦਾਨ ਕਰ ਸਕਦਾ ਹੈ। ਕੇਵਲ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਤੋਂ ਪੀੜਤ ਵਿਅਕਤੀਆਂ ਦੀਆਂ ਅੱਖਾਂ ਦਾਨ ਨਹੀਂ ਹੋ ਸਕਦੀਆਂ।
ਇਸ ਮੌਕੇ ਕਾਲਜ ਦੇ ਚੇਅਰਮੈਨ ਰੋਹਿਤ ਟੰਡਨ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ਨਾਲ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਅੱਗੇ ਵੀ ਇਸ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।
ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਨੇਤਰਦਾਨ ਬਾਰੇ ਪ੍ਰਸ਼ਨ ਪੁੱਛੇ ਤੇ ਉਨ੍ਹਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਨੇਤਰਦਾਨ ਦੀ ਸ਼ਪਥ ਵੀ ਕਰਵਾਈ ਗਈ।
ਇਸ ਮੌਕੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਭਾਨੁ ਪ੍ਰੀਆ, ਹਰਜੀਤ ਕੌਰ, ਅੰਕੀਤਾ ਕੁਮਾਰੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਮੱਲੀ, ਖੁਸ਼ਪ੍ਰੀਤ ਕੌਰ, ਅਮਨਦੀਪ ਕੌਰ, ਨਵਰਤ ਕੌਰ, ਖੁਸ਼ਪ੍ਰੀਤ ਕੌਰ, ਹਰਜਿੰਦਰ ਕੌਰ, ਸਿਮਰਨ ਅਤੇ ਅਨਮੌਲਪ੍ਰੀਤ ਕੌਰ ਮੌਜੂਦ ਸਨ।
