ਕਾਰ ਦੀ ਟੱਕਰ ਨਾਲ ਆਟੋ ਰਿਕਸ਼ਾ ਪਲਟਿਆ 9 ਜਣੇ ਗੰਭੀਰ ਜ਼ਖ਼ਮ

ਅੰਬਾਲਾ, 27 ਜੁਲਾਈ:- ਕੱਲ੍ਹ ਸ਼ਾਮ ਨੂੰ ਅੰਬਾਲਾ ਕੈਂਟ ਜੀਟੀ ਰੋਡ ਤੇ ਸ਼ਾਸਤਰੀ ਕਾਲੋਨੀ ਪੁਲ ਤੇ ਇਕ ਕਾਰ ਨੇ ਜਾ ਰਹੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਆਟੋ ਰਿਕਸ਼ਾ ਪਲਟ ਗਿਆ ਅਤੇ ਡਰਾਈਵਰ ਸਮੇਤ ਇਸ ਵਿਚ ਸਵਾਰ 9 ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਇੱਕੋ ਪਰਿਵਾਰ ਦੇ ਦੱਸੇ ਜਾਂਦੇ ਹਨ। ਹਾਦਸੇ ਵਾਲੀ ਥਾਂ 'ਤੇ ਹਫੜਾ-ਦਫੜੀ ਮੱਚ ਗਈ। ਰਾਹਗੀਰਾਂ ਨੇ ਪਹਿਲਾਂ ਐਂਬੂਲੈਂਸ ਬੁਲਾਈ ਪਰ ਜਦੋਂ ਐਂਬੂਲੈਂਸ ਨਾ ਪਹੁੰਚੀ ਤਾਂ ਜ਼ਖ਼ਮੀਆਂ ਨੂੰ ਕਰੀਬ 20 ਮਿੰਟਾਂ ਬਾਅਦ ਈ-ਰਿਕਸ਼ਾ ਰਾਹੀਂ ਛਾਉਣੀ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜ਼ਖ਼ਮੀ ਛਾਉਣੀ ਖੇਤਰ ਦੇ ਛੋਟਾ ਖੁੱਡਾ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚ ਡਰਾਈਵਰ ਸੰਜੂ (42), ਬੇਜੀ ਰਾਣੀ (36), ਅਨੀਤਾ (40), ਪਾਲਾ ਰਾਮ (70), ਕਾਜਲ (38), ਰਜਨੀਸ਼ ਕੁਮਾਰ (48), ਰੀਨਾ ਰਾਣੀ (35), ਰਿਸ਼ੀ (42) ਅਤੇ ਮਮਤਾ ਸ਼ਾਮਲ ਹਨ। ਪੜਾਓ ਥਾਣੇ ਦੇ ਇੰਚਾਰਜ  ਪ੍ਰਵੀਨ ਨੇ ਦੱਸਿਆ ਕਿ ਆਟੋ ਰਿਕਸ਼ਾ ਵਿੱਚ ਸਵਾਰ ਸਾਰੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।