ਗੁਰੂਆਂ ਬਾਰੇ ਆਤਿਸ਼ੀ ਦੇ ਬਿਆਨ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈਪਾਲੀ
ਅੰਬਾਲਾ, 9 ਜਨਵਰੀ:- ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂਆਂ ਬਾਰੇ ਵਰਤੀ ਗ਼ਲਤ ਭਾਸ਼ਾ ਦੀ ਰਾਜਨੀਤਕ ਅਤੇ ਸੰਪਰਦਾਇਕ ਹਲਕਿਆਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਅੰਬਾਲਾ ਤੋਂ ਮੈਂਬਰ ਜਥੇਦਾਰ ਹਰਪਾਲ ਸਿੰਘ ਪਾਲੀ ਨੇ ਇਸ ਸਬੰਧ ਵਿਚ ਆਪਣੇ ਹੋਰ ਸਾਥੀਆਂ ਨਾਲ ਡੀਐਸਪੀ ਅੰਬਾਲਾ ਕੈਂਟ ਨੂੰ ਸ਼ਿਕਾਇਤ ਪੱਤਰ ਸੌਂਪ ਕੇ ਆਤਿਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਪਾਲੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸ਼੍ਰੀਮਤੀ ਆਤਿਸ਼ੀ ਜੀ ਜਿਸ ਨੇ ਪਰਸੋਂ ਚਲਦੀ ਵਿਧਾਨ ਸਭਾ ਵਿਚ ਗੁਰੂ ਸਾਹਿਬਾਨ ਬਾਰੇ ਅਜਿਹੀ ਘਟੀਆ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਨਾ ਕਹੀ ਜਾ ਸਕਦੀ ਹੈ ਅਤੇ ਨਾ ਹੀ ਸੁਣੀ ਜਾ ਸਕਦੀ ਹੈ।ਅਜਿਹੀ ਭਾਸ਼ਾ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਜਿਸ ਗੁਰੂ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਦਿੱਤੀ, ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਦੇਸ਼ ਅਤੇ ਵਿਸ਼ਵ ਪੱਧਰ ਤੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਜਿਸ ਗੁਰੂ ਨੇ ਆਪਣਾ ਸੀਸ ਵਾਰ ਕੇ ਹਿੰਦੂ ਕੌਮ ਦੀ ਰੱਖਿਆ ਕੀਤੀ, ਉਨ੍ਹਾਂ ਬਾਰੇ ਆਪ ਪਾਰਟੀ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਅਜਿਹੀ ਘਟੀਆ ਭਾਸ਼ਾ ਬੋਲੇ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਅਤੇ ਪੁਰ ਜ਼ੋਰ ਵਿਰੋਧ ਵੀ ਕਰਦੇ ਹਾਂ। ਆਤਿਸ਼ੀ ਦੀ ਭਾਸ਼ਾ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਪਾਲੀ ਨੇ ਕਿਹਾ ਕਿ ਆਤਿਸ਼ੀ ਦੇ ਗੁਰੂਆਂ ਬਾਰੇ ਬੋਲੇ ਸ਼ਬਦ ਉਨ੍ਹਾਂ ਦੇ ਅੰਦਰ ਭਰੇ ਜ਼ਹਿਰ ਦਾ ਪ੍ਰਗਟਾਵਾ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਤੋਂ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੇ ਪਰੰਤੂ ਆਤਿਸ਼ੀ ਜੀ ਨੇ ਇਕ ਵੀ ਸ਼ਬਦ ਮੁਆਫ਼ੀ ਦਾ ਨਹੀਂ ਬੋਲਿਆ।
ਪਾਲੀ ਨੇ ਕਿਹਾ, 'ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਅਤੇ ਹਦਾਇਤ ਵੀ ਕਰਦੇ ਹਾਂ ਕਿ ਉਹ ਗੁਰੂ ਘਰ ਜਾ ਕੇ ਗੁਰੂਆਂ ਦੇ ਚਰਨਾਂ ਵਿਚ ਖੜ੍ਹ ਕੇ ਗੁਰੂਆਂ, ਸਿੱਖ ਕੌਮ ਅਤੇ ਪੂਰੇ ਦੇਸ਼ ਪਾਸੋਂ ਮੁਆਫ਼ੀ ਮੰਗਣ। ਜਥੇਦਾਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਆਤਿਸ਼ੀ ਦੇ ਖ਼ਿਲਾਫ਼ ਡੀਐਸਪੀ ਅੰਬਾਲਾ ਕੈਂਟ ਨੂੰ ਸ਼ਿਕਾਇਤ ਦੇ ਕੇ 295ਏ ਦਾ ਪਰਚਾ ਦਰਜ ਕਰਨ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਮੇਲ ਭੇਜ ਕੇ ਜਥੇਦਾਰ ਸਾਹਿਬ ਨੂੰ ਬਣਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜਥੇਦਾਰ ਜਗਮੀਤ ਸਿੰਘ ਜੋਸ਼, ਜਥੇਦਾਰ ਜਤਿੰਦਰ ਸਿੰਘ, ਸੁਖਮਨੀ ਸਾਹਿਬ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਪ੍ਰਦੇਸ਼ ਦੇ ਅਹੁਦੇਦਾਰ ਮੌਜੂਦ ਸਨ।
