ਆਤਿਸ਼ੀ ਮਾਮਲਾ ਪੰਜਾਬ ਪੁਲੀਸ ਨੇ ਦਿੱਲੀ ਵਿਧਾਨ ਸਭਾ ਨੂੰ ਭੇਜਿਆ ਜਵਾਬ

ਚੰਡੀਗੜ੍ਹ:- ਪੰਜਾਬ ਸਰਕਾਰ ਨੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੇ ਮਾਮਲੇ ’ਚ ਦਿੱਲੀ ਵਿਧਾਨ ਸਭਾ ਸਕੱਤਰੇਤ ਨੂੰ ਅੱਜ ਜਵਾਬ ਭੇਜ ਦਿੱਤਾ ਹੈ। ਗ੍ਰਹਿ ਵਿਭਾਗ ਪੰਜਾਬ ਨੇ ਫੋਰੈਂਸਿਕ ਰਿਪੋਰਟ ਦੇ ਹਵਾਲੇ ਨਾਲ ਵੀਡੀਓ ’ਚ ਗੁਰੂ ਸ਼ਬਦ ਦਾ ਪ੍ਰਯੋਗ ਨਾ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ।
ਚੇਤੇ ਰਹੇ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਤੋਂ ਆਤਿਸ਼ੀ ਵੀਡੀਓ ਮਾਮਲੇ ’ਚ ਜਵਾਬ ਮੰਗਿਆ ਸੀ।
ਜਲੰਧਰ ਪੁਲੀਸ ਨੇ 7 ਜਨਵਰੀ ਨੂੰ ਇੱਕ ਸ਼ਿਕਾਇਤ ਦੇ ਅਧਾਰ ’ਤੇ ਆਤਿਸ਼ੀ ਦੀ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਮੰਚਾਂ ’ਤੇ ਪੋਸਟ ਕੀਤੇ ਜਾਣ ਨੂੰ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਗ੍ਰਹਿ ਵਿਭਾਗ ਵੱਲੋਂ ਹੁਣ ਭੇਜੇ ਪੱਤਰ ’ਚ ਕਿਹਾ ਗਿਆ ਹੈ ਕਿ ਸਰਹੱਦੀ ਸੂਬੇ ’ਚ ਮਾਹੌਲ ਨੂੰ ਖ਼ਰਾਬ ਕਰਨ ਲਈ ਵੀਡੀਓ ਨੂੰ ਐਡਿਟ ਕਰਕੇ ਪੋਸਟ ਕੀਤਾ ਗਿਆ। ਪੰਜਾਬ ਪੁਲੀਸ ਨੇ ਕਿਹਾ ਕਿ ਜੋ ਅਸਲੀ ਵੀਡੀਓ ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਪੋਸਟ ਕੀਤੀ ਹੈ, ਉਸ ’ਚ ਕਿਤੇ ਵੀ ਮਾੜੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ ਜਦੋਂ ਕਿ ਮਗਰੋਂ ਸ਼ਰਾਰਤੀ ਅਨਸਰਾਂ ਨੇ ਆਤਿਸ਼ੀ ਦੇ ਅਸਲੀ ਵੀਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਫ਼ਿਰਕੂ ਤਣਾਅ ਪੈਦਾ ਕੀਤਾ ਜਾ ਸਕੇ। ਪੰਜਾਬ ਪੁਲੀਸ ਨੇ ਮੁਹਾਲੀ ਵਿਚਲੀ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵੱਲੋਂ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ।
ਜਵਾਬੀ ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਪੁਲੀਸ ਦੀ ਜਵਾਬਦੇਹੀ ਸਬੰਧਿਤ ਮੈਜਿਸਟਰੇਟ ਅਤੇ ਅਦਾਲਤ ਨੂੰ ਹੈ। ਇਹ ਵੀ ਕਿਹਾ ਹੈ ਕਿ ਜਲੰਧਰ ਪੁਲੀਸ ਨੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ‘ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ’ ਤਹਿਤ ਪੰਜਾਬ ਪੁਲੀਸ ਵੱਲੋਂ ਦਰਜ ਕੇਸ ’ਤੇ ਸਪਸ਼ਟੀਕਰਨ ਮੰਗਿਆ ਸੀ। ਸਪੀਕਰ ਵੱਲੋਂ ਇਹ ਮਾਮਲਾ ਪਹਿਲਾਂ ਵਿਸ਼ੇਸ਼ ਅਧਿਕਾਰੀ ਕਮੇਟੀ ਕੋਲ ਵੀ ਭੇਜਿਆ ਜਾ ਚੁੱਕਾ ਹੈ।
ਪੁਲੀਸ ਡਾਇਰੈਕਟਰ ਜਨਰਲ (ਪੰਜਾਬ), ਪੁਲੀਸ ਸਪੈਸ਼ਲ ਡਾਇਰੈਕਟਰ ਜਨਰਲ (ਸਾਈਬਰ ਕ੍ਰਾਈਮ), ਅਤੇ ਪੁਲੀਸ ਕਮਿਸ਼ਨਰ ਜਲੰਧਰ ਨੇ ਪਹਿਲਾਂ ਦਿੱਲੀ ਵਿਧਾਨ ਸਭਾ ਸਕੱਤਰੇਤ ਤੋਂ ਜਵਾਬ ਦਾਇਰ ਕਰਨ ਵਾਸਤੇ 10 ਦਿਨਾਂ ਦਾ ਸਮਾਂ ਮੰਗਿਆ ਸੀ। ਅੱਜ ਗ੍ਰਹਿ ਵਿਭਾਗ ਨੇ ਪੰਜਾਬ ਪੁਲੀਸ ਦੀਆਂ ਰਿਪੋਰਟਾਂ ਸਮੇਤ ਜਵਾਬੀ ਪੱਤਰ ਦਿੱਲੀ ਵਿਧਾਨ ਸਭਾ ਸਕੱਤਰੇਤ ਨੂੰ ਭੇਜ ਦਿੱਤਾ ਹੈ।