ਆਈਟੀ ਸਿਟੀ ਪਲਾਟਾਂ ਦੇ ਅਲਾਟੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਭਰੋਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜਨਵਰੀ:- ਮੋਹਾਲੀ ਦੀ ਆਈ.ਟੀ. ਸਿਟੀ ਦੇ ਸੈਕਟਰ 82, 83-ਏ ਅਤੇ 66-ਬੀ ਵਿੱਚ ਸਥਿਤ ਲਗਭਗ 7000 ਪਲਾਟਾਂ ਨਾਲ ਸਬੰਧਤ ਅਲਾਟੀਆਂ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਸੈਕਟਰ-79 ਵਿੱਚ ਸਥਿਤ ਦੇ ਦਫ਼ਤਰ ਵਿਖੇ ਹੋਈ ਇਸ ਮੁਲਾਕਾਤ ਦੌਰਾਨ ਅਲਾਟੀਆਂ ਨੇ ਗਮਾਡਾ ਵੱਲੋਂ ਵਧਾਈ ਗਈ ਇਨਹਾਂਸਮੈਂਟ ਫੀਸ ਅਤੇ ਜਾਰੀ ਨੋਟਿਸਾਂ ਸਬੰਧੀ ਆਪਣੀ ਪੀੜਾ ਰੱਖੀ।
ਨਸੀਬ ਸਿੰਘ ਦੀ ਅਗਵਾਈ ਹੇਠ ਆਏ ਵਫ਼ਦ ਨੇ ਦੱਸਿਆ ਕਿ ਗਮਾਡਾ ਵੱਲੋਂ ਇਨਹਾਂਸਮੈਂਟ ਫੀਸ ਵਿੱਚ ਕੀਤਾ ਗਿਆ ਵੱਡਾ ਵਾਧਾ ਅਲਾਟੀਆਂ ਲਈ ਭਾਰੀ ਆਰਥਿਕ ਬੋਝ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 400 ਗਜ ਦੇ ਪਲਾਟ ਲਈ ਵਧੀ ਹੋਈ ਇਨਹਾਂਸਮੈਂਟ ਲਗਭਗ 32 ਲੱਖ ਰੁਪਏ ਬਣਦੀ ਹੈ, ਜਦਕਿ ਬਹੁਤੇ ਅਲਾਟੀ ਪਹਿਲਾਂ ਹੀ ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਅਦਾ ਕਰ ਰਹੇ ਹਨ।
ਅਲਾਟੀਆਂ ਦੀ ਗੱਲ ਧਿਆਨ ਨਾਲ ਸੁਣਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਤੁਰੰਤ ਗਮਾਡਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਵਿਭਾਗ ਦੇ ਮੰਤਰੀਆਂ ਦੇ ਧਿਆਨ ਵਿੱਚ ਲਿਆਉਣਗੇ।
ਉਨ੍ਹਾਂ ਕਿਹਾ ਕਿ ਆਈ.ਟੀ. ਸਿਟੀ ਦੇ ਅਲਾਟੀਆਂ ਨੂੰ ਵੀ ਸੈਕਟਰ 76 ਤੋਂ 80 ਦੀ ਤਰਜ਼ ’ਤੇ ਰਾਹਤ ਦਿੱਤੇ ਜਾਣ ਦੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਸ ਸਬੰਧੀ ਸਰਕਾਰ ਨਾਲ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਵਿਧਾਇਕ ਨੇ ਭਰੋਸਾ ਦਿੱਤਾ ਕਿ ਇਨਹਾਂਸਮੈਂਟ ਦੀ ਪੂਰੀ ਕੈਲਕੂਲੇਸ਼ਨ ਦੀ ਦੁਬਾਰਾ ਜਾਂਚ ਕਰਵਾਈ ਜਾਵੇਗੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਧਰਨੇ-ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਗਲੇ 5 ਤੋਂ 10 ਦਿਨਾਂ ਦੇ ਅੰਦਰ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖੁਦ ਅਲਾਟੀਆਂ ਨੂੰ ਬੁਲਾ ਕੇ ਮਸਲੇ ਦੇ ਹੱਲ ਬਾਰੇ ਜਾਣੂ ਕਰਵਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਹਾਂ-ਪੱਖੀ ਅਤੇ ਸਹਿਯੋਗੀ ਰਵੱਈਆ ਅਪਣਾਇਆ ਗਿਆ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ।
ਨਸੀਬ ਸਿੰਘ ਦੀ ਅਗਵਾਈ ਹੇਠ ਆਏ ਇਸ ਵਫ਼ਦ ਵਿੱਚ ਗੋਵਿੰਦਰ ਸਿੰਘ, ਜਸਪਾਲ ਸਿੰਘ, ਗੁਰਦਿੱਤ ਸਿੰਘ, ਹਰਿੰਦਰ ਸਿੰਘ ਮਾਨ, ਰਾਜੇਸ਼ ਕੁਮਾਰ, ਮੈਡਮ ਜਸਵਿੰਦਰ ਸੋਨੀ, ਬਲਦੇਵ ਸਿੰਘ ਸਚਦੇਵਾ, ਮਨਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਿੰਸੀਪਲ ਤਰਲੋਚਨ ਸਿੰਘ, ਹਰਵੀਰ ਸਿੰਘ, ਗੁਰਜੀਵਨ ਸਿੰਘ ਅਤੇ ਹਰਪਾਲ ਸਿੰਘ ਸ਼ਾਮਿਲ ਸਨ।
