ਸਰਕਾਰੀ ਐਪ ਪ੍ਰੀਲੋਡ ਕਰਨ ਸਬੰਧੀ ਹੁਕਮਾਂ ਦਾ ਵਿਰੋਧ ਕਰੇਗਾ ਐਪਲ

ਨਵੀਂ ਦਿਲੀ:- ਭਾਰਤ ਵਿਚ ਨਿਰਮਤ ਜਾਂ ਦਰਾਮਦ ਕੀਤੇ ਨਵੇਂ ਮੋਬਾਈਲ ਫੋਨਾਂ ਵਿਚ ਸੰਚਾਰ ਸਾਰਥੀ ਐਪ ਇਨਬਿਲਟ ਇੰਸਟਾਲ ਕੀਤੇ ਜਾਣ ਨੂੰ ਲੈ ਕੇ ਪਏ ਰੌਲੇ ਰੱਪੇ ਤੇ ਨਿਗਰਾਨੀ ਨਾਲ ਜੁੜੇ ਫਿਕਰਾਂ ਦਰਮਿਆਨ ਇਸ ਪੂਰੇ ਮਾਮਲੇ ਤੋਂ ਜਾਣੂ ਤਿੰਨ ਸੂਤਰਾਂ ਨੇ ਕਿਹਾ ਕਿ ਐਪਲ ਦੀ ਆਪਣੇ ਸਮਾਰਟਫੋਨਾਂ ਨੂੰ ਸਰਕਾਰੀ ਮਾਲਕੀ ਵਾਲੀ ਸਾਈਬਰ ਸੁਰੱਖਿਆ ਐਪ ਨਾਲ ਪ੍ਰੀਲੋਡ ਕਰਨ ਦੇ ਆਦੇਸ਼ ਦੀ ਪਾਲਣਾ ਕਰਨ ਦੀ ਯੋਜਨਾ ਕੋਈ ਯੋਜਨਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਐਪਲ ਜਲਦੀ ਹੀ ਨਵੀਂ ਦਿੱਲੀ ਨੂੰ ਆਪਣੇ ਫਿਕਰਾਂ ਤੋਂ ਜਾਣੂ ਕਰਵਾਏਗਾ।
ਭਾਰਤ ਸਰਕਾਰ ਨੇ ਗੁਪਤ ਰੂਪ ਵਿਚ ਐਪਲ, ਸੈਮਸੰਗ ਅਤੇ ਸ਼ੀਓਮੀ ਸਮੇਤ ਮੋਬਾਈਲ ਫੋਨਾਂ ਦਾ ਨਿਰਮਾਣ ਕਰਨ ਵਾਲੀਆਂ ਹੋਰ ਕਈ ਕੰਪਨੀਆਂ ਨੂੰ 90 ਦਿਨਾਂ ਦੇ ਅੰਦਰ-ਅੰਦਰ ਆਪਣੇ ਫ਼ੋਨਾਂ ਵਿੱਚ ਸੰਚਾਰ ਸਾਥੀ, ਜਾਂ ਸੰਚਾਰ ਸਾਥੀ ਨਾਮਕ ਐਪ ਪ੍ਰੀਲੋਡ ਕਰਨ ਦਾ ਹੁਕਮ ਦਿੱਤਾ ਹੈ। ਇਸ ਐਪ ਦਾ ਉਦੇਸ਼ ਚੋਰੀ ਹੋਏ ਫ਼ੋਨਾਂ ਨੂੰ ਟਰੈਕ ਕਰਨਾ, ਉਨ੍ਹਾਂ ਨੂੰ ਬਲਾਕ ਕਰਨਾ ਅਤੇ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਮੋਬਾਈਲ ਨਿਰਮਾਤਾ ਇਹ ਵੀ ਯਕੀਨੀ ਬਣਾਉਣ ਕਿ ਐਪ ਨੂੰ ਅਨਇੰਸਟਾਲ ਨਾ ਕੀਤਾ ਜਾ ਸਕੇ। ਰਾਇਟਰਜ਼ ਨੇ ਸੋਮਵਾਰ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ।

**ਯੂਜ਼ਰਜ਼ ਨੂੰ ਸੰਚਾਰ ਸਾਥੀ ਐਪ ਡਿਲੀਟ ਕਰਨ ਜਾਂ ਰੱਖਣ ਦੀ ਖੁੱਲ੍ਹ: ਸਿੰਧੀਆ
ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਯੂਜ਼ਰਜ਼ ਨਵੇਂ ਮੋਬਾਈਨ ਫੋਨਾਂ ਵਿਚ ਇਨਬਿਲਟ ਆਉਦ ਵਾਲੇ ‘ਸੰਚਾਰ ਸਾਥੀ’ ਐਪ ਨੂੰ ਆਪੋ ਆਪਣੇ ਮੋਬਾਈਲਾਂ ’ਚੋਂ ਡਿਲੀਟ ਕਰ ਸਕਣਗੇ। ਸਿੰਧੀਆ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਚਾਰ ਸਾਥੀ ਐਪ ਨੂੰ ਰੱਖਣਾ ਹੈ ਜਾਂ ਡਿਲੀਟ ਕਰਨਾ ਹੈ, ਇਹ ਫੈਸਲਾ ਯੂਜ਼ਰਜ਼ ਕਰ ਸਕਣਗੇ। ਕੇਂਦਰੀ ਮੰਤਰੀ ਨੇ ਕਿਹਾ, ‘‘ਜੇ ਤੁਸੀਂ ਇਸ ਐਪ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਡਿਲੀਟ ਕਰ ਦੇਣਾ। ਪਰ ਦੇਸ਼ ਵਿੱਚ ਹਰ ਕੋਈ ਨਹੀਂ ਜਾਣਦਾ ਕਿ ਇਹ ਐਪ ਧੋਖਾਧੜੀ ਅਤੇ ਚੋਰੀ ਤੋਂ ਬਚਾਉਣ ਲਈ ਬਣਾਇਆ ਗਿਆ ਹੈ।’’ ਕੇਂਦਰੀ ਸੰਚਾਰ ਮੰਤਰੀ ਨੇ ਕਿਹਾ ਕਿ, “ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਐਪ ਨੂੰ ਹਰ ਕਿਸੇ ਤੱਕ ਪਹੁੰਚਾਈਏ। ਜੇਕਰ ਤੁਸੀਂ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਡਿਲੀਟ ਕਰ ਦੇਣਾ। ਜੇਕਰ ਤੁਸੀਂ ਇਸ ਨੂੰ ਨਹੀਂ ਵਰਤਣਾ ਚਾਹੁੰਦੇ, ਤਾਂ ਇਸ ਨੂੰ ਰਜਿਸਟਰ ਨਾ ਕਰੋ। ਜੇਕਰ ਤੁਸੀਂ ਇਸ ਨੂੰ ਰਜਿਸਟਰ ਕਰਦੇ ਹੋ, ਤਾਂ ਇਹ ਕਿਰਿਆਸ਼ੀਲ ਰਹੇਗਾ। ਜੇਕਰ ਤੁਸੀਂ ਇਸਨੂੰ ਰਜਿਸਟਰ ਨਹੀਂ ਕਰਦੇ, ਤਾਂ ਇਹ ਅਕਿਰਿਆਸ਼ੀਲ ਰਹੇਗਾ।”