ਪੰਜਾਬ ਦੇ ਸਕੂਲਾਂ ਤੇ ਕਾਲਜਾਂ ‘ਚ ਚੋਕ ਬਾਲ ਖੇਡ ਸ਼ੁਰੂ ਕਰਨ ਦੀ ਅਪੀਲ – ਵਾਲੀਆ

ਜਾਲੰਧਰ- ਪੰਜਾਬ ਸਟੇਟ ਚੋਕ ਬਾਲ ਐਸੋਸੀਏਸ਼ਨ ਵੱਲੋਂ ਪੁਲਿਸ ਡੀ.ਏ.ਵੀ. ਸਕੂਲ, ਪੀ.ਏ.ਪੀ. ਜਾਲੰਧਰ ਵਿੱਚ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂਬਰਾਂ ਨੇ ਭਾਗ ਲਿਆ ਅਤੇ ਚੋਕ ਬਾਲ ਖੇਡ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡੀ.ਐਸ.ਪੀ. ਪਾਰਥੋ ਪ੍ਰੀਤਮ ਅਤੇ ਯੂਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਪਹੁੰਚੇ। ਡੀ.ਐਸ.ਪੀ. ਪਾਰਥੋ ਪ੍ਰੀਤਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਖੇਡਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਖੇਡਾਂ ਵਿੱਚ ਘੱਟ ਰੁਚੀ ਲੈਂਦੀ ਹੈ ਅਤੇ ਜ਼ਿਆਦਾ ਸਮਾਂ ਮੋਬਾਈਲ ‘ਤੇ ਬੀਤਾਉਣਾ ਪਸੰਦ ਕਰਦੀ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜ਼ਰੂਰ ਜੋੜਨ।
ਯੂਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਸੈਮੀਨਾਰ ਵਿੱਚ ਸ਼ਾਮਲ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਚੋਕ ਬਾਲ ਖੇਡ ਨੂੰ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰਚਾਰਿਤ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਇਸ ਖੇਡ ਵਿੱਚ ਸ਼ਮੂਲੀਅਤ ਲਈ ਉਤਸ਼ਾਹਿਤ ਕੀਤਾ।
ਰਾਕੇਸ਼ ਕੁਮਾਰ ਨੇ ਸੈਮੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਖੇਡ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੈਮੀਨਾਰ ਕਰਵਾਉਣ ਦਾ ਮੁੱਖ ਉਦੇਸ਼ ਪੰਜਾਬ ਵਿੱਚ ਇਸ ਖੇਡ ਦਾ ਵਿਸਥਾਰ ਕਰਨਾ ਹੈ ਤਾਂ ਜੋ ਪੰਜਾਬ ਦੇ ਖਿਡਾਰੀ ਵੀ ਚੋਕ ਬਾਲ ਖੇਡ ਦੇ ਜ਼ਿਲ੍ਹਾ, ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹਿੱਸਾ ਲੈ ਸਕਣ।
ਇਸ ਸੈਮੀਨਾਰ ਵਿੱਚ ਜਾਲੰਧਰ ਤੋਂ ਸੁਰੇਖਾ ਸ਼ਰਮਾ, ਸਾਇਆ ਸੈਣੀ, ਦਲਜੀਤ ਸਿੰਘ, ਬਰਨਾਲਾ ਤੋਂ ਤੇਜਿੰਦਰ ਸਿੰਘ, ਕਪੂਰਥਲਾ ਤੋਂ ਗਗਨਦੀਪ ਕੌਰ, ਪ੍ਰਦੀਪ ਬਜਾਜ, ਗੁਰਵੀਰ ਕੌਰ, ਮਮਤਾ, ਵਿਜੇਤਾ ਰਾਣੀ, ਹੁਸ਼ਿਆਰਪੁਰ ਤੋਂ ਧੀਰਜ ਕੁਮਾਰ ਸ਼ਰਮਾ, ਮੋਗਾ ਤੋਂ ਬਲਵਿੰਦਰ ਸਿੰਘ ਬੈਂਸ, ਰਾਹੁਲ ਗਰੋਵਰ, ਅਮਨਦੀਪ ਸਿੰਘ, ਰਸ਼ਪਾਲ ਕੌਰ, ਕੋਮਲ ਕੁਮਾਰੀ, ਸਮਰ ਛਾਬੜਾ, ਵਰੁਣ, ਰਮਨਦੀਪ ਕੌਰ, ਅਤੇ ਤਮੰਨਾ ਨੇ ਭਾਗ ਲਿਆ।