ਹੁਸ਼ਿਆਰਪੁਰ ਨੂੰ ਟੁਕੜੇ ਕਰਨ ਦੀ ਕਿਸੇ ਵੀ ਕੋਸ਼ਿਸ਼ ਤੇ ਤਿੱਖਾ ਜਵਾਬ ਮਿਲੇਗਾਤੀਕਸ਼ਣ ਸੂਦ

ਹੁਸ਼ਿਆਰਪੁਰ- ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿੱਸਾ ਘਟਾਉਣ ਦੀਆਂ ਜਾਣ-ਬੁੱਝ ਕੇ ਕੀਤੀਆਂ ਕੋਸ਼ਿਸ਼ਾਂ ਦੀ ਕੜੀ ਨਿੰਦਾ ਕੀਤੀ ਹੈ। ਪ੍ਰੈਸ ਬਿਆਨ ਵਿੱਚ ਸੂਦ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਿਆਸੀ ਫਾਇਦੇ ਲਈ ਪੰਜਾਬ ਵਿੱਚ ਨਵੇਂ ਜ਼ਿਲ੍ਹੇ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੌਰਾਨ ਹੁਸ਼ਿਆਰਪੁਰ ਦੀ ਹੱਦਾਂ ’ਚ ਕਟੌਤੀ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।
ਸੂਦ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਨੂੰ ਜ਼ਿਲ੍ਹੇ ਬਣਾਉਣ ਜਾਂ ਉਨ੍ਹਾਂ ਦੇ ਨਾਂ ਬਦਲਣ ਦਾ ਹੱਕ ਹੈ, ਪਰ ਜੇ ਹੁਸ਼ਿਆਰਪੁਰ ਦੇ ਹਿੱਸਿਆਂ ਨੂੰ ਕੱਟ ਕੇ ਨਵੇਂ ਜ਼ਿਲ੍ਹਿਆਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਤਾਂ ਲੋਕ ਇਸ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ, “ਜੇ ਰਾਜ ਸਰਕਾਰ ਇਸ ਤਰ੍ਹਾਂ ਦੇ ਕਦਮ ਚੁੱਕਦੀ ਹੈ ਤਾਂ ਇਸ ਦਾ ਤਿੱਖਾ ਤੇ ਮਾਕੂਲ ਜਵਾਬ ਦਿੱਤਾ ਜਾਵੇਗਾ।”
ਜ਼ਿਲ੍ਹੇ ਦੇ ਲੰਮੇ ਇਤਿਹਾਸ ਬਾਰੇ ਗੱਲ ਕਰਦੇ ਹੋਏ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਲਗਭਗ 175 ਸਾਲ ਪੁਰਾਣਾ ਹੈ ਅਤੇ ਇਸ ਦੀ ਸਥਿਤੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਦੇ ਪਿੰਦਾਂ ਨਾਲ ਲੱਗਦੀ ਹੈ। ਇਹ ਇੱਕ ਧਨੀ ਭੂਗੋਲਕ ਅਤੇ ਸੱਭਿਆਚਾਰਕ ਧਰੋਹਰ ਰੱਖਦਾ ਹੈ। ਇੱਕ ਸਮੇਂ ਇਹ ਜ਼ਿਲ੍ਹਾ ਬਿਆਸ ਦਰਿਆ ਤੋਂ ਸਤਲੁਜ ਦਰਿਆ ਤੱਕ ਫੈਲਿਆ ਹੋਇਆ ਸੀ, ਪਰ 1966 ਦੀ ਰੀ-ਆਰਗਨਾਈਜ਼ੇਸ਼ਨ ਦੌਰਾਨ ਉਨਾ ਇਲਾਕਾ ਵੱਖ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਨਵਾਂਸ਼ਹਿਰ ਜ਼ਿਲ੍ਹਾ ਬਣਾਉਣ ਸਮੇਂ ਬਲਾਚੌਰ ਇਲਾਕੇ ਨੂੰ ਵੀ ਵੱਖ ਕਰ ਦਿੱਤਾ ਗਿਆ।
ਸੂਦ ਨੇ ਦੋਸ਼ ਲਾਇਆ ਕਿ ਸਰਕਾਰ ਦਾ ਹੁਸ਼ਿਆਰਪੁਰ ਨੂੰ ਮੁੜ ਵੰਡਣ ਦਾ ਇਰਾਦਾ ਇਸਦੇ ਵਸਨੀਕਾਂ ਵਿਚ ਗਹਿਰੀ ਚਿੰਤਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਜ਼ਿਲ੍ਹੇ ਦੀ ਸੱਭਿਆਚਾਰਕ ਅਤੇ ਭੂਗੋਲਕ ਪਹਿਚਾਣ ਦੀ ਰੱਖਿਆ ਲਈ ਹਰ ਕੀਮਤ ’ਤੇ ਤਿਆਰ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਵਾਂ ਜ਼ਿਲ੍ਹਾ ਬਣਾਉਣ ਲਈ ਹੋਸ਼ਿਆਰਪੁਰ ਦੇ ਹਿੱਸਿਆਂ ਨੂੰ ਅਲੱਗ ਕਰਨ ਦੀ ਕਿਸੇ ਵੀ ਕੋਸ਼ਿਸ਼ ਦੇ ਗੰਭੀਰ ਨਤੀਜੇ ਨਿਕਲਣਗੇ।