ਨਵਾਂ ਗਾਉਂ ਵਿੱਚ ਅਣਅਧਿਕਾਰਿਤ ਕਬਜ਼ੇਉਸਾਰੀ ਹਟਾਉਣ ਦੀ ਮੁਹਿੰਮ ਜਾਰੀ ਕਾਂਸਲ ਕੈਚਮੈਂਟ ਖੇਤਰ ਤੋਂ ਗੈਰਕਾਨੂੰਨੀ ਢਾਂਚੇ ਹਟਾਏ

ਨਵਾਂ ਗਾਉਂ (ਐਸ.ਏ.ਐਸ. ਨਗਰ), 5 ਫ਼ਰਵਰੀ:- ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਤੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਚੱਲ ਰਹੀ ਅਣਅਧਿਕਾਰਿਤ ਕਬਜ਼ੇ/ਉਸਾਰੀ ਹਟਾਉਣ ਦੀ ਮੁਹਿੰਮ ਤਹਿਤ ਮਿਊਂਸਿਪਲ ਕੌਂਸਲ (ਐਮ.ਸੀ.) ਨਵਾਂ ਗਾਉਂ ਵੱਲੋਂ ਦੂਜੇ ਦਿਨ (ਕਲ੍ਹ) ਵੀ ਮਿਉਂਸਪਲ ਖੇਤਰ ਵਿੱਚ ਗੈਰਕਾਨੂੰਨੀ ਨਿਰਮਾਣਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਖ਼ਾਸ ਧਿਆਨ ਸੁਖਨਾ ਝੀਲ ਦੇ ਕਾਂਸਲ ਕੈਚਮੈਂਟ ਖੇਤਰ ’ਤੇ ਕੇਂਦ੍ਰਿਤ ਰਿਹਾ।
ਦੂਜੇ ਦਿਨ ਦੀ ਕਾਰਵਾਈ ਐਮ.ਸੀ. ਨਵਾਂ ਗਾਉਂ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਵਿੱਚ ਈ.ਓ., ਏ.ਐੱਮ.ਈ., ਸੈਨੇਟਰੀ ਇੰਸਪੈਕਟਰ, ਜਨਰਲ ਇੰਸਪੈਕਟਰ ਅਤੇ ਫ਼ੀਲਡ ਸਟਾਫ਼ ਨੇ ਸਰਗਰਮ ਭੂਮਿਕਾ ਨਿਭਾਈ। ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਮੁਹਿੰਮ ਨੂੰ ਸ਼ਾਂਤੀਪੂਰਨ ਢੰਗ ਨਾਲ ਅੰਜਾਮ ਦੇਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਐੱਸ.ਐੱਚ.ਓ. ਨਵਾਂ ਗਾਉਂ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਮੌਕੇ ’ਤੇ ਮੌਜੂਦ ਰਹੇ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ।
ਮੁਹਿੰਮ ਦੌਰਾਨ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਗੈਰ-ਕਾਨੂੰਨੀ ਕਬਜ਼ੇ ਅਤੇ ਢਾਂਚਿਆਂ ਨੂੰ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਅਤੇ ਰੋਕਸ਼ੁਦਾ ਖੇਤਰਾਂ ਤੋਂ ਹਟਾਇਆ ਗਿਆ। ਇਹ ਖੇਤਰ ਕਾਂਸਲ ਕੈਚਮੈਂਟ ਅਤੇ ਫ਼ਲੱਡਪਲੇਨ ਜ਼ੋਨ ਵਿੱਚ ਆਉਂਦੇ ਹਨ, ਜੋ ਕੁਦਰਤੀ ਨਿਕਾਸੀ ਪ੍ਰਣਾਲੀ ਨੂੰ ਬਰਕਰਾਰ ਰੱਖਣ ਅਤੇ ਸੁਖਨਾ ਝੀਲ ਦੀ ਵਾਤਾਵਰਣ ਸਿਹਤ ਦੀ ਰੱਖਿਆ ਲਈ ਬਹੁਤ ਮਹੱਤਵਪੂਰਨ ਹਨ।
ਪਹਿਲਾਂ ਨੋਟਿਸ ਜਾਰੀ ਕਰਨ, ਚਿਤਾਵਨੀਆਂ ਦੇਣ ਅਤੇ ਸੁਚੇਤ ਤੌਰ ’ਤੇ ਕਬਜ਼ੇ ਹਟਾਉਣ ਲਈ ਪੂਰਾ ਮੌਕਾ ਦੇਣ ਦੇ ਬਾਵਜੂਦ ਕਈ ਗੈਰਕਾਨੂੰਨੀ ਨਿਰਮਾਣ ਜਾਰੀ ਰਹੇ, ਜਿਸ ਕਾਰਨ ਪ੍ਰਸ਼ਾਸਨ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਪਈ। ਇਸ ਤਰ੍ਹਾਂ ਦੇ ਗੈਰਕਾਨੂੰਨੀ ਨਿਰਮਾਣ ਵਰਖਾ ਦੇ ਪਾਣੀ ਦੇ ਕੁਦਰਤੀ ਬਹਾਅ ਵਿੱਚ ਰੁਕਾਵਟ ਪੈਦਾ ਕਰਦੇ ਹਨ, ਹੜ੍ਹ ਦੇ ਖ਼ਤਰੇ ਨੂੰ ਵਧਾਉਂਦੇ ਹਨ ਅਤੇ ਗੰਭੀਰ ਵਾਤਾਵਰਣ ਨਾਲ ਸਬੰਧਿਤ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਦੂਜੇ ਦਿਨ ਕਬਜ਼ੇ ਹਟਾਉਣ ਦੀ ਕਾਰਵਾਈ ਵਿਵਸਥਿਤ, ਕਾਨੂੰਨੀ ਅਤੇ ਸ਼ਾਂਤੀਪੂਰਨ ਢੰਗ ਨਾਲ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਮ.ਸੀ. ਨਵਾਂ ਗਾਉਂ ਨੇ ਦੁਹਰਾਇਆ ਹੈ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਾਂਸਲ ਕੈਚਮੈਂਟ ਖੇਤਰ, ਪਟਿਆਲਾ ਕੀ ਰਾਓ ਦੇ ਨਾਲ-ਨਾਲ ਕਿਸੇ ਵੀ ਪਾਬੰਦੀਸ਼ੁਦਾ ਜਾਂ ਨਿਯੰਤਰਿਤ ਖੇਤਰ ਵਿੱਚ ਗੈਰਕਾਨੂੰਨੀ ਨਿਰਮਾਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ, ਸਮੇਤ ਢਾਂਚਿਆਂ ਦੀ ਢਾਹ- ਢਹਾਈ ਅਤੇ ਜੁਰਮਾਨੇ ਕੀਤੇ ਜਾਣਗੇ।
ਨਿਵਾਸੀਆਂ ਅਤੇ ਜਾਇਦਾਦ ਮਾਲਕਾਂ ਨੂੰ ਦੁਬਾਰਾ ਅਪੀਲ ਕੀਤੀ ਗਈ ਹੈ ਕਿ ਉਹ ਮਨਜ਼ੂਰਸ਼ੁਦਾ ਬਿਲਡਿੰਗ ਪਲਾਨ, ਲੈਂਡ ਯੂਜ਼ ਨਿਯਮਾਂ ਅਤੇ ਅਦਾਲਤੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਕਾਰਜਸਾਧਕ ਅਫ਼ਸਰ ਨੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਮਨਾਹੀ ਵਾਲੇ ਖੇਤਰ ਵਿੱਚ ਗੈਰਕਾਨੂੰਨੀ ਇਮਾਰਤ ਜਾਂ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸੁਖਨਾ ਝੀਲ ਦੇ ਕੈਚਮੈਂਟ ਖੇਤਰ ਦੀ ਰੱਖਿਆ, ਕੁਦਰਤੀ ਜਲ ਸਰੋਤਾਂ ਅਤੇ ਨਿਕਾਸੀ ਪ੍ਰਣਾਲੀ ਦੀ ਸੰਭਾਲ ਅਤੇ ਵਿਆਪਕ ਜਨਹਿਤ ਵਿੱਚ ਵਾਤਾਵਰਣ ਅਤੇ ਮਿਉਂਸਪਲ ਨਿਯਮਾਂ ਦੀ ਸਖ਼ਤ ਪਾਲਣਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।