ਪਾਕਿਸਤਾਨ ਚ ਇਕ ਹੋਰ ਅੱਤਵਾਦੀ ਹਮਲਾ ਸਣੇ ਚਾਰ ਲੋਕਾਂ ਦੀ ਮੌਤ
ਇਸਲਾਮਾਬਾਦ/ਪੇਸ਼ਾਵਰ:- ਪਾਕਿਸਤਾਨ 'ਚ ਫੌਜ ਤੇ ਪੁਲਸ ਕਰਮਚਾਰੀਆਂ 'ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਮੰਗਲਵਾਰ, 2 ਦਸੰਬਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਖੇਤਰ ਵਿੱਚ ਵਾਪਰੀ, ਜਿੱਥੇ ਪੁਲਸ ਅਧਿਕਾਰੀ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਮਿਰਾਨਸ਼ਾਹ ਦੇ ਅਸਿਸਟੈਂਟ ਕਮਿਸ਼ਨਰ ਸ਼ਾਹ ਵਲੀ ਅਤੇ ਦੋ ਪੁਲਸ ਕਰਮਚਾਰੀਆਂ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ।
ਬੰਨੂ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਸੱਜਾਦ ਖਾਨ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸਵੇਰੇ ਕਰੀਬ 10 ਵਜੇ ਮਾਮਾਸ਼ ਖੇਲ ਦੇ ਮਾਸੂਮਾਬਾਦ ਨੇੜੇ ਵਾਪਰੀ। ਅਸਿਸਟੈਂਟ ਕਮਿਸ਼ਨਰ ਸ਼ਾਹ ਵਲੀ ਇੱਕ ਅਦਾਲਤ ਵਿੱਚ ਪੇਸ਼ ਹੋਣ ਲਈ ਜਾ ਰਹੇ ਸਨ, ਜਦੋਂ ਉਨ੍ਹਾਂ 'ਤੇ "ਘਾਤ ਲਗਾ ਕੇ ਹਮਲਾ" ਕੀਤਾ ਗਿਆ। ਹਮਲਾਵਰਾਂ ਨੇ ਅਚਾਨਕ ਗੱਡੀ 'ਤੇ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਵਾਹਨ ਨੂੰ ਅੱਗ ਲਗਾ ਦਿੱਤੀ।
