ਅੰਮ੍ਰਿਤਸਰ ਚਾਰ ਕਿਲੋ ਆਈਸ ਡਰੱਗ ਅਤੇ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ

ਅੰਮ੍ਰਿਤਸਰ:- ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਪਾਕਿਸਤਾਨ-ਅਧਾਰਿਤ ਅਤੇ ਹੋਰ ਵਿਦੇਸ਼ੀ ਹੈਂਡਲਰਾਂ ਰਾਹੀਂ ਕੰਮ ਕਰਨ ਵਾਲੇ ਸੰਗਠਿਤ ਡਰੱਗ ਕਾਰਟੈਲ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਕਿਲੋ ਤੋਂ ਵੱਧ ਆਈਸ ਡਰੱਗ ਅਤੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਸ਼ਨਾਖਤ ਬਲਵਿੰਦਰ ਸਿੰਘ ਉਰਫ ਬਿੰਦਰ, ਨਵਤੇਜ ਸਿੰਘ ਅਤੇ ਮਹਾਬੀਰ ਸਿੰਘ ਵਜੋਂ ਹੋਈ ਹੈ। 
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਕੀਤੀਆਂ ਕਈ ਖੁਫੀਆ ਕਾਰਵਾਈਆਂ ਦੌਰਾਨ ਪੁਲੀਸ ਨੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜੇ ਇੱਕ ਵਿਸ਼ਾਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਸਟੇਸ਼ਨ ਗੇਟ ਹਕੀਮਾ ਅਤੇ ਛੇਹਰਟਾ ਵਿੱਚ ਇਸ ਸਬੰਧ ਵਿਚ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
 ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲੇ ਮਾਮਲੇ ਵਿੱਚ ਪੁਲੀਸ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂ ਵਿੱਚ 35 ਗ੍ਰਾਮ ਮੈਥਾਮਫੇਟਾਮਾਈਨ ਜਿਸ ਨੂੰ ਆਈਸ ਵਜੋਂ ਜਾਣਿਆ ਜਾਂਦਾ ਹੈ, ਬਰਾਮਦ ਕੀਤੀ। ਮਗਰੋਂ ਇੱਕ ਜਗ੍ਹਾ ਤੋਂ 2 ਕਿਲੋਗ੍ਰਾਮ ਤੋਂ ਵੱਧ ਆਈਸ ਡਰੱਗ ਬਰਾਮਦ ਕੀਤੀ ਗਈ। 
ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਕਾਰ, ਇੱਕ ਮੋਬਾਈਲ ਫੋਨ ਅਤੇ 2,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਸਿੱਧੇ ਤੌਰ ਪਾਕਿਸਤਾਨ-ਅਧਾਰਿਤ ਤਸਕਰ ਨਾਲ ਕੰਮ ਕਰ ਰਿਹਾ ਸੀ, ਜੋ ਵਟਸਐਪ ਰਾਹੀਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਸੁੱਟਣ ਵਾਲੇ ਸਥਾਨਾਂ ਦੀ ਜਾਣਕਾਰੀ ਸਾਂਝੀ ਕਰਦਾ ਸੀ।