ਰਨ ਆਫ ਯੂਨਿਟੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਪਰਮਜੀਤ ਸਚਦੇਵਾ

ਹੁਸ਼ੀਆਰਪੁਰ- ਜੀਐਨਏ ਯੂਨੀਵਰਸਿਟੀ, ਫਿਟ ਬਾਈਕਰ ਕਲੱਬ, ਸਚਦੇਵਾ ਸਟਾਕਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ 19 ਅਪ੍ਰੈਲ ਨੂੰ ਐਤਵਾਰ ਨੂੰ ਰਨ ਆਫ ਯੂਨਿਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਰਨ ਆਫ ਯੂਨਿਟੀ ਦਾ ਥੀਮ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੈ। 
ਪ੍ਰਧਾਨ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਇਸ ਆਯੋਜਨ ਲਈ ਪਹਿਲਾਂ 500  ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਕਲੱਬ ਵੱਲੋਂ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ। ਇਹ ਰਨ ਆਫ ਯੂਨਿਟੀ ਸਚਦੇਵਾ ਸਟਾਕਸ ਦੇ ਬੂਲਾਵਾੜੀ ਵਿਖੇ ਸਥਿਤ ਦਫਤਰ ਤੋਂ ਸ਼ੁਰੂ ਹੋਵੇਗੀ। ਸਵੇਰੇ 6 ਵਜੇ ਟੀ-ਸ਼ਰਟਾਂ ਵੰਡਣੀ ਸ਼ੁਰੂ ਕੀਤੀ ਜਾਵੇਗੀ, ਉਸ ਤੋਂ ਬਾਅਦ 6:30 ਵਜੇ ਐਸਐਸਪੀ ਸੰਦੀਪ ਕੁਮਾਰ ਮਲਿਕ ਹਰੀ ਝੰਡੀ ਵਿਖਾ ਕੇ ਇਸ ਨੂੰ ਰਵਾਨਾ ਕਰਨਗੇ। 
ਬੂਲਾਵਾੜੀ ਤੋਂ ਸ਼ਿਮਲਾ ਪਹਾੜੀ ਚੌਂਕ, ਮਾਲ ਰੋਡ ਤੋਂ ਹੋ ਕੇ ਸਦਰ ਥਾਣਾ ਚੌਂਕ ਅਤੇ ਫਿਰ ਯੋਧਾ ਮਾਲ ਰੋਡ ਤੋਂ ਹੋ ਕੇ ਸਚਦੇਵਾ ਸਟਾਕਸ ਦੇ ਦਫਤਰ ਵਿੱਚ ਆ ਕੇ ਇਹ ਰਨ ਆਫ ਯੂਨਿਟੀ ਸਮਾਪਤ ਹੋਵੇਗੀ। 
ਇਸ ਇਵੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਪਰਮਜੀਤ ਸਚਦੇਵਾ ਨੇ ਕਿਹਾ ਕਿ ਇਹ ਦੌੜ ਫਿਟਨੈੱਸ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਪਰਮਜੀਤ ਸਚਦੇਵਾ ਨੇ ਅੱਗੇ ਕਿਹਾ ਕਿ ਕਲੱਬ ਹਮੇਸ਼ਾ ਤੋਂ ਸਮਾਜਿਕ ਅਤੇ ਫਿਟਨੈੱਸ ਨਾਲ ਜੁੜੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਿਹਾ ਹੈ ਅਤੇ ਰਨ ਆਫ ਯੂਨਿਟੀ ਵੀ ਉਸੇ ਲੜੀ ਦਾ ਅਹਿਮ ਹਿੱਸਾ ਹੈ। 
ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀਐਨਏ ਯੂਨੀਵਰਸਿਟੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਜੀਐਨਏ ਯੂਨੀਵਰਸਿਟੀ, ਉੱਤਮ ਸਿੰਘ ਸਾਬੀ, ਰਣਵੀਰ ਸਿੰਘ ਸਚਦੇਵਾ, ਓਕਾਰ ਸਿੰਘ, ਸੌਰਵ ਸ਼ਰਮਾ, ਦੌਲਤ ਸਿੰਘ, ਰੋਹਿਤ ਬੱਸੀ, ਸੰਜੀਵ ਸੋਹਲ ਵੀ ਮੌਜੂਦ ਸਨ।