ਨਿਊਯਾਰਕ ਦੇ ਹਵਾਈ ਅੱਡੇ ਤੇ ਫਾਇਰ ਬ੍ਰਿਗੇਡ ਗੱਡੀ ਨਾਲ ਟਕਰਾਇਆ ਏਅਰ ਕੈਨੇਡਾ ਦਾ ਜਹਾਜ਼
ਨਿਊਯਾਰਕ:- ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡੇ ’ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਰਨਵੇਅ ’ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਟਕਰਾ ਗਿਆ। ਅਮਰੀਕੀ ਮੀਡੀਆ ਅਤੇ ਅਧਿਕਾਰੀਆਂ ਮੁਤਾਬਕ ਇਸ ਟੱਕਰ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦਰਜਨਾਂ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ ਜਿਸ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਟੱਕਰ ਹੋਈ, ਉਸ ਵਿੱਚ ਪੁਲੀਸ ਮੁਲਾਜ਼ਮ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲੀਸ ਸਾਰਜੈਂਟ ਅਤੇ ਇੱਕ ਅਧਿਕਾਰੀ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੁੱਢਲੀ ਪੈਸੰਜਰ ਲਿਸਟ ਦੇ ਅਧਾਰ 'ਤੇ, ਜਿਸ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ, ਮਾਂਟਰੀਅਲ ਤੋਂ ਆ ਰਹੇ ਇਸ ਏਅਰ ਕੈਨੇਡਾ ਐਕਸਪ੍ਰੈਸ ਸੀ.ਆਰ.ਜੇ.-900 ਜਹਾਜ਼ ਵਿੱਚ 72 ਯਾਤਰੀ ਅਤੇ ਚਾਰ ਕਰੂ ਮੈਂਬਰ ਸਵਾਰ ਸਨ। ਇਸ ਜਹਾਜ਼ ਦਾ ਸੰਚਾਲਨ ਏਅਰ ਕੈਨੇਡਾ ਦੀ ਭਾਈਵਾਲ ਕੰਪਨੀ ਜੈਜ਼ ਐਵੀਏਸ਼ਨ ਵੱਲੋਂ ਕੀਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ 'ਜੈਜ਼' ਕੰਪਨੀ ਦਾ ਮਾਲਕਾਨਾ ਹੱਕ ਕੋਰਸ ਐਵੀਏਸ਼ਨ ਕੋਲ ਹੈ।
ਨਿਊਯਾਰਕ ਦੇ ਲਾ-ਗਾਰਡੀਆ ਹਵਾਈ ਅੱਡੇ ’ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਜ਼ਮੀਨ 'ਤੇ ਖੜ੍ਹੀ ਇੱਕ ਗੱਡੀ ਨਾਲ ਟਕਰਾ ਗਿਆ। ਫਲਾਈਟ ਟ੍ਰੈਕਿੰਗ ਵੈੱਬਸਾਈਟ 'ਫਲਾਈਟ ਰਡਾਰ 24' ਮੁਤਾਬਕ ਇਹ ਜਹਾਜ਼ ਕੈਨੇਡਾ ਦੇ ਮਾਂਟਰੀਅਲ ਤੋਂ ਆ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਪੂਰੇ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ।
ਰਿਪੋਰਟਾਂ ਅਨੁਸਾਰ ਜਹਾਜ਼ ਉਸ ਸਮੇਂ ਲਗਪਗ 39 ਕਿਲੋਮੀਟਰ ਪ੍ਰਤੀ ਘੰਟਾ (24 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਰਿਹਾ ਸੀ ਜਦੋਂ ਉਸ ਨੇ ਜ਼ਮੀਨੀ ਗੱਡੀ ਨੂੰ ਟੱਕਰ ਮਾਰੀ। ਇਹ ਜਹਾਜ਼ ਜੈਜ਼ ਐਵੀਏਸ਼ਨ ਦੁਆਰਾ ਚਲਾਇਆ ਜਾ ਰਿਹਾ ਸੀ, ਜੋ ਕਿ ਏਅਰ ਕੈਨੇਡਾ ਦੀ ਭਾਈਵਾਲ ਕੰਪਨੀ ਹੈ। ਇੰਨੀ ਰਫ਼ਤਾਰ 'ਤੇ ਹੋਈ ਟੱਕਰ ਕਾਰਨ ਜਹਾਜ਼ ਅਤੇ ਗੱਡੀ ਦੋਵਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ।
ਇਸ ਹਾਦਸੇ ਤੋਂ ਤੁਰੰਤ ਬਾਅਦ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਹਵਾਈ ਅੱਡੇ 'ਤੇ ਮੌਜੂਦ ਸਾਰੇ ਜਹਾਜ਼ਾਂ ਨੂੰ ਰੋਕਣ ਦਾ ਹੁਕਮ ਜਾਰੀ ਕਰ ਦਿੱਤਾ। ਇੱਕ ਸਰਕਾਰੀ ਨੋਟਿਸ ਰਾਹੀਂ ਦੱਸਿਆ ਗਿਆ ਕਿ ਹਵਾਈ ਅੱਡੇ 'ਤੇ 'ਗਰਾਊਂਡ ਸਟਾਪ' (ਸਾਰੀਆਂ ਉਡਾਣਾਂ 'ਤੇ ਰੋਕ) ਲਗਾ ਦਿੱਤੀ ਗਈ ਸੀ। ਇਸ ਕਾਰਨ ਸੈਂਕੜੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਉਡਾਣਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ।
ਹਵਾਈ ਅੱਡਾ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜ਼ਮੀਨੀ ਗੱਡੀ ਜਹਾਜ਼ ਦੇ ਇੰਨੇ ਨੇੜੇ ਕਿਵੇਂ ਪਹੁੰਚੀ ਅਤੇ ਕੀ ਇਹ ਕੋਈ ਤਕਨੀਕੀ ਖ਼ਰਾਬੀ ਸੀ ਜਾਂ ਕਿਸੇ ਕਰਮਚਾਰੀ ਦੀ ਗ਼ਲਤੀ। ਇਸ ਹਾਦਸੇ ਕਾਰਨ ਲਾ ਗਾਰਡੀਆ ਹਵਾਈ ਅੱਡੇ ’ਤੇ ਕੁਝ ਹੋਰ ਉਡਾਣਾਂ ਵਿੱਚ ਦੇਰੀ ਹੋਣ ਦੀ ਵੀ ਸੰਭਾਵਨਾ ਹੈ।
