ਗਣਤੰਤਰ ਦਿਵਸ ਤੇ ਅਗਨੀਵੀਰ ਜਵਾਨ ਨੇ ਕੀਤੀ ਖ਼ੁਦਕੁਸ਼ੀ

ਅੰਬਾਲਾ, 27 ਜਨਵਰੀ:- ਗਣਤੰਤਰ ਦਿਵਸ ਤੇ ਅੰਬਾਲਾ ਕੈਂਟ ਦੇ ਸੈਨਿਕ ਖੇਤਰ ਵਿਚ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਇਕ ਅਗਨੀਵੀਰ ਜਵਾਨ ਨੇ ਦਫ਼ਤਰ ਵਿਚ ਫਾਹਾ ਲੈ ਕੇ ਸ਼ੱਕੀ ਹਾਲਤਾਂ ਵਿਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਹਾਪੁੜ ਦੇ ਪਿੰਡ ਕਮਾਲਪੁਰ ਦੇ ਮੋਇਨ ਖ਼ਾਨ (23) ਵਜੋਂ ਹੋਈ ਹੈ ਜਿਸ ਦਾ ਕਾਰਜਕਾਲ ਦਸੰਬਰ 2026 ਵਿਚ ਪੂਰਾ ਹੋਣਾ ਸੀ।
ਮੋਇਨ ਖ਼ਾਨ ਸੈਨਾ ਦੀ 11 ਗਰਨੇਡੀਅਰ ਯੂਨਿਟ ਦੇ ਕਲਰਕ ਵਿੰਗ ਵਿਚ ਤਾਇਨਾਤ ਸੀ। ਕੱਲ੍ਹ ਸੋਮਵਾਰ ਸਵੇਰੇ ਜਦੋਂ ਹੋਰ ਜਵਾਨ ਤੈਨੂੰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੋਇਨ ਖ਼ਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲਾਸ਼ ਥੱਲੇ ਉਤਾਰ ਕੇ ਮਿਲਟਰੀ ਹਸਪਤਾਲ ਪਹੁੰਚਾਈ ਗਈ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਬੀਸੀ ਬਜ਼ਾਰ ਪੁਲੀਸ ਚੌਕੀ ਵਾਲਿਆਂ ਨੇ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਬੀਸੀ ਬਜ਼ਾਰ ਪੁਲੀਸ ਚੌਕੀ ਇੰਚਾਰਜ ਸੁਖਬੀਰ ਨੇ ਦੱਸਿਆ ਕਿ ਮੋਇਨ ਅਗਨੀਵੀਰ ਯੋਜਨਾ ਦੇ ਤਹਿਤ 2022 ਵਿਚ ਭਰਤੀ ਹੋਇਆ ਸੀ ਅਤੇ ਉਸ ਦਾ ਕਾਰਜਕਾਲ ਦਸੰਬਰ 2026 ਵਿਚ ਖ਼ਤਮ ਹੋਣਾ ਸੀ।ਪੁਲੀਸ ਅਤੇ ਸੈਨਾ ਅਧਿਕਾਰੀਆਂ ਦੀ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੋਇਨ ਖ਼ਾਨ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਚੱਲ ਰਿਹਾ ਸੀ ਭਾਵੇਂ ਮਾਨਸਿਕ ਪ੍ਰੇਸ਼ਾਨੀ ਦੀ ਵਜ੍ਹਾ ਦਾ ਪਤਾ ਨੀਂ ਲੱਗ ਸਕਿਆ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਰਿਪੋਰਟ ਆਉਣ ਤੇ ਹੀ ਲੱਗੇਗਾ। ਮੋਇਨ ਅਜੇ ਗ਼ੈਰ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ।