ਭੜਕੇ ਫੀਲਡ ਕਾਮੀਆਂ ਵੱਲੋਂ ਬੀਐੱਮਐੱਲ ਕੰਪਲੈਕਸ ਵਿਖੇ ਰੋਸ ਧਰਨਾ ਜ਼ੋਰਦਾਰ ਨਾਅਰੇਬਾਜ਼ੀ

ਪਟਿਆਲਾ, 9 ਜੁਲਾਈ:- ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਜੋਨ ਪਟਿਆਲਾ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਲਈ ਭਾਖੜਾ ਮੇਨ ਲਾਈਨ (ਬੀ.ਐੱਮ.ਐੱਲ.) ਕੰਪਲੈਕਸ ਵਿਖੇ ਕਾਰਜਕਾਰੀ ਇੰਜੀਨੀਅਰ ਖ਼ਿਲਾਫ਼ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਜਸਵੀਰ ਸਿੰਘ ਖੋਖਰ, ਨਰੇਸ਼ ਕੁਮਾਰ, ਧਰਮਪਾਲ ਲੋਟ ਅਤੇ ਨਾਥ ਸਿੰਘ ਬੁਜਰਕ ਨੇ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਦਰਸ਼ਨ ਸਿੰਘ ਬੇਲੂ ਮਾਜਰਾ, ਜੋਨ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਛੱਜੂ ਰਾਮ, ਕ੍ਰਿਸ਼ਨ ਚੰਦ ਕੁਲਵਾਣੂ, ਰਜਿੰਦਰ ਧਾਲੀਵਾਲ ਅਤੇ ਹਰਵੀਰ ਸਿੰਘ ਸੁਨਾਮ ਨੇ ਕਿਹਾ ਕਿ ਸੇਵਾਮੁਕਤ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਬਕਾਏ, ਜੋ ਸਰਕਾਰ ਵੱਲੋਂ ਕਿਸ਼ਤਾਂ ਵਿੱਚ ਦਿੱਤੇ ਜਾਣੇ ਹਨ, ਦੀ ਪਹਿਲੀ ਕਿਸ਼ਤ ਅਪ੍ਰੈਲ 2026 ਤੋਂ ਲੰਬਿਤ ਪਈ ਹੈ, ਜਿਸ ਨੂੰ ਤੁਰੰਤ ਜਾਰੀ ਕੀਤਾ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਫੀਲਡ ਮੁਲਾਜ਼ਮਾਂ ਦੇ ਮੈਡੀਕਲ ਅਤੇ ਜੀ.ਪੀ. ਫੰਡ ਦੇ ਬਕਾਏ ਜਾਰੀ ਕੀਤੇ ਜਾਣ, ਬਕਾਇਆ ਵਰਦੀਆਂ ਦਿੱਤੀਆਂ ਜਾਣ, ਕੰਮ ਲਈ ਲੋੜੀਂਦੇ ਔਜ਼ਾਰ ਮੁਹੱਈਆ ਕਰਵਾਏ ਜਾਣ, ਹੈੱਡਾਂ 'ਤੇ ਬਿਜਲੀ ਅਤੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਅਤੇ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੈੱਡਾਂ 'ਤੇ ਲਗਾਈ ਜਾ ਰਹੀ 12 ਘੰਟਿਆਂ ਦੀ ਡਿਊਟੀ ਨੂੰ ਘਟਾ ਕੇ 8 ਘੰਟੇ ਕੀਤਾ ਜਾਵੇ, ਸਾਰੇ ਹੈੱਡਾਂ 'ਤੇ ਟਾਰਚਾਂ ਮੁਹੱਈਆ ਕਰਵਾਈਆਂ ਜਾਣ ਅਤੇ ਗੇਜ ਰੀਡਰਾਂ ਅਤੇ ਬੇਲਦਾਰਾਂ ਨੂੰ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ।
ਧਰਨੇ ਵਿੱਚ ਦੀਪਕ ਕੁਮਾਰ, ਕ੍ਰਿਸ਼ਨ ਕੁਮਾਰ, ਨਰੇਸ਼, ਭਜਨ ਸਿੰਘ ਲੱਗ, ਮਾਨ ਸਿੰਘ, ਭਜਨ ਸਿੰਘ ਰੋਹਟੀ, ਬੀਰੂ ਰਾਮ, ਰਮੇਸ਼ ਸਿੰਘ ਅਤੇ ਫੈਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੋਜਾ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਯੂਨੀਅਨ ਆਗੂਆਂ ਨੇ ਕਾਰਜਕਾਰੀ ਇੰਜੀਨੀਅਰ, ਭਾਖੜਾ ਮੇਨ ਲਾਈਨ ਪਟਿਆਲਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਗੱਲਬਾਤ ਰਾਹੀਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਧਰਨੇ ਤੋਂ ਬਾਅਦ ਜਥੇਬੰਦੀ ਨੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 1 ਜੁਲਾਈ ਤੋਂ 10 ਜੁਲਾਈ ਤੱਕ ਚੱਲ ਰਹੇ ਰੋਸ ਮੁਹਿੰਮ ਦੇ ਤਹਿਤ ਵਾਹਨ ਮਾਰਚ ਕੱਢਿਆ ਅਤੇ ਜਲ ਸਪਲਾਈ ਸਰਕਲ, ਪਟਿਆਲਾ ਨੂੰ ਸਰਕਾਰ ਦੇ ਨਾਮ ਰੋਸ ਪੱਤਰ ਸੌਂਪਿਆ।