ਰਿਆਤ-ਬਾਹਰਾ ‘ਚ ‘ਅਫਰੀਕਨ ਮਾਈਂਡ ਬਿਲਡਰਜ਼’ ਮੀਟ ਐਂਡ ਗ੍ਰੀਟ ਪ੍ਰੋਗਰਾਮ ਦਾ ਆਯੋਜਨ

ਹੁਸ਼ਿਆਰਪੁਰ: ਰਿਆਤ-ਬਾਹਰਾ ਐਜੂਕੇਸ਼ਨ ਸਿਟੀ ਵਿਖੇ "ਅਫਰੀਕਨ ਮਾਈਂਡ ਬਿਲਡਰਜ਼ - ਮੀਟ ਐਂਡ ਗ੍ਰੀਟ" ਪ੍ਰੋਗਰਾਮ  ਦਾ  ਆਯੋਜਨ ਕੀਤਾ ਗਿਆ।  ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਲੀਡਰਸ਼ਿਪ, ਸਿੱਖਿਆ, ਨਵੀਨਤਾ ਅਤੇ ਯੁਵਾ ਸਸ਼ਕਤੀਕਰਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ  ਪ੍ਰੋਗਰਾਮ  ਦੇ ਮੁੱਖ ਮਹਿਮਾਨ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਰਹੇ। ਉਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਰਾਹੀਂ ਭਾਰਤ ਅਤੇ ਅਫਰੀਕਾ ਵਿਚਕਾਰ ਵਧ ਰਹੇ ਮਜ਼ਬੂਤ ਰਿਸ਼ਤਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ਵ ਪੱਧਰ ‘ਤੇ ਸਾਂਝੇਦਾਰੀ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੰਚ ਉੱਤੇ ਲੈ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ।  
ਇਸ ਮੌਕੇ ਲੈਸਮਾਰ ਗਰਬਰ ਯਾਕੂਬੂ ਹਾਜਾਰਾ ਜਿਬਰਿਲ , ਰੋਮੇਲ ਸੋਨੀ ਯਾਕੂਬੂ, ਐਲਫਰੇਡ ਟੀ. ਮੂਰ ਜੂਨੀਅਰ, ਨੋਮਗੁਗੂ ਗੁਮੇਡੇ ਸਮੇਤ ਹੋਰ ਵਿਸ਼ੇਸ਼ ਮਹਿਮਾਨ  ਮੌਜੂਦ ਸਨ।  ਇਸ ਸਮਾਗਮ ਵਿੱਚ ਤਕਰੀਬਨ 100 ਅਫਰੀਕੀ ਨੌਜਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਦੇਸ਼ਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ ਰਵਾਇਤੀ ਨਾਚ ਅਤੇ ਗੀਤ ਪੇਸ਼ ਕੀਤੇ, ਜਿਸ ਨੂੰ ਮੌਜੂਦ  ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ।  
ਡਾ. ਕੁਲਦੀਪ ਵਾਲੀਆ ਨੇ ਅਫਰੀਕੀ ਮਹਿਮਾਨਾਂ ਨੂੰ ਰਿਆਤ-ਬਾਹਰਾ ਗਰੁੱਪ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।  
ਸਮਾਗਮ ਦੀ ਸਫਲ ਕੋਆਰਡੀਨੇਸ਼ਨ ਹਰਿੰਦਰ ਜੱਸਵਾਲ ਅਤੇ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਹਰਿੰਦਰ ਜੱਸਵਾਲ ਨੇ ਦੱਸਿਆ ਕਿ ਰਿਆਤ-ਬਾਹਰਾ ਗਰੁੱਪ ਨੇ ਇਸ ਕਾਰਜਕ੍ਰਮ ਰਾਹੀਂ ਵਿਸ਼ਵ ਪੱਧਰ ਉੱਤੇ ਸਾਂਝੇਦਾਰੀ, ਸੱਭਿਆਚਾਰਕ ਏਕਤਾ ਅਤੇ ਲੀਡਰਸ਼ਿਪ ਡਿਵੈਲਪਮੈਂਟ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਡਾ. ਮਨਿੰਦਰ ਗਰੋਵਰ, ਗੁਰਪ੍ਰੀਤ ਬੇਦੀ, ਮਨਮੀਤ ਬੈਂਸ ਅਤੇ ਕੁਲਦੀਪ ਰਾਣਾ ਵੀ ਹਾਜ਼ਰ ਸਨ।