ਉਗਾਲਾ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ
ਅੰਬਾਲਾ, 11 ਦਸੰਬਰ:- ਬਰਾੜਾ-ਸ਼ਾਹਬਾਦ ਰੋਡ 'ਤੇ ਸਥਿਤ ਉਗਾਲਾ ਪਿੰਡ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ ਘਰ ਵਿੱਚ ਇੱਕ ਮੰਜੇ 'ਤੇ ਪਈ ਮਿਲੀ। ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਮਾਂ ਸਵੇਰੇ ਪੰਜ ਵਜੇ ਉਸ ਨੂੰ ਜਗਾਉਣ ਗਈ ਪਰੰਤੂ ਉਹ ਪਹਿਲਾਂ ਹੀ ਮਰ ਚੁੱਕਾ ਸੀ। ਅਤੇ ਉਸ ਦੀ ਧੌਣ ਤੇ ਨਿਸ਼ਾਨ ਨਜ਼ਰ ਆ ਰਹੇ ਸਨ।
ਘਰ ਵਿੱਚ ਪੈ ਰਿਹਾ ਚੀਕ-ਚਿਹਾੜਾ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਅਤੇ ਸੂਚਨਾ ਮਿਲਣ ਤੇ ਬਰਾੜਾ ਪੁਲੀਸ ਵੀ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਲਾਣਾ ਦੇ ਐਮਐਮ ਹਸਪਤਾਲ ਪਹੁੰਚਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਤਨੀ ਕਿਰਨ ਬਾਲਾ ਨੇ ਦੱਸਿਆ ਕਿ 2020 ਵਿੱਚ ਉਸ ਦਾ ਵਿਆਹ ਵਿਸ਼ਾਲ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦਾ ਪਤੀ ਵਿਸ਼ਾਲ ਕੁਮਾਰ (29) ਅੰਬਾਲਾ ਸ਼ਹਿਰ ਆਈਟੀਆਈ ਵਿਖੇ ਹਰਿਆਣਾ ਸਕਿੱਲਜ਼ ਕਾਰਪੋਰੇਸ਼ਨ ਅਧੀਨ ਚਾਰ ਸਾਲਾਂ ਤੋਂ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ। ਬੁੱਧਵਾਰ ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਸੱਟਾਂ ਬਾਰੇ ਪੁੱਛਣ ਤੇ ਵਿਸ਼ਾਲ ਚੁੱਪ ਰਿਹਾ।
ਰਾਤ ਨੂੰ ਵਿਸ਼ਾਲ ਲਾਬੀ ਵਿੱਚ ਪੌੜੀਆਂ ਦੇ ਹੇਠਾਂ ਇੱਕ ਮੰਜੇ 'ਤੇ ਸੌਂ ਗਿਆ ਸੀ। ਅੱਜ ਜਦੋਂ ਮਾਂ ਰਾਣੀ ਨੇ ਸਵੇਰੇ 5 ਵਜੇ ਦੇ ਕਰੀਬ ਵਿਸ਼ਾਲ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਨਹੀਂ ਉੱਠਿਆ। ਮਾਂ ਨੇ ਉਸ ਦੀ ਧੌਣ ਤੇ ਨਿਸ਼ਾਨ ਦੇਖੇ। ਵਿਸ਼ਾਲ ਮਰ ਚੁੱਕਾ ਸੀ। ਕਿਰਨ ਬਾਲਾ ਨੇ ਦੱਸਿਆ ਕਿ ਬਾਹਰਲਾ ਗੇਟ ਬਦ ਸੀ ਕੋਈ ਵੀਂ ਅੰਦਰ ਨਹੀਂ ਸੀ ਆ ਸਕਦਾ, ਪਰ ਪੌੜੀਆਂ ਰਾਹੀਂ ਆ ਸਕਦਾ ਸੀ। ਉਸ ਨੇ ਦੋਸ਼ ਲਾਇਆ ਕਿ ਕੋਈ ਪੌੜੀਆਂ ਰਾਹੀਂ ਅੰਦਰ ਆ ਕੇ ਉਸ ਦੇ ਪਤੀ ਦਾ ਗਲ਼ਾ ਘੁੱਟ ਕੇ ਕਤਲ ਗਿਆ ਹੈ। ਕਿਰਨ ਬਾਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
