ਕੇਂਦਰੀ ਜੇਲ੍ਹ 'ਚ ਬੰਦ ਕੈਦੀ ਨੇ ਦਰਖਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪਟਿਆਲਾ, 5 ਅਕਤੂਬਰ - ਪਟਿਆਲਾ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਨੇ ਦਰਖਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਕੈਦੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸੀ। ਘਟਨਾ ਤੋਂ ਬਾਅਦ ਕੈਦੀ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ। ਉਸ ਨੂੰ ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ ਗਿਆ ਸੀ। ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਦੇਰ ਨਾਲ ਪ੍ਰਾਪਤ ਖ਼ਬਰ ਅਨੁਸਾਰ ਉਸਨੇ ਬੀਤੇ ਵੀਰਵਾਰ ਨੂੰ ਦਰਖਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 
 ਜਦੋਂ ਕੈਦੀ ਨੇ ਦਰਖਤ ਤੋਂ ਛਾਲ ਮਾਰੀ ਤਾਂ ਇੱਕ ਜੇਲ੍ਹ ਕਰਮਚਾਰੀ 'ਤੇ ਡਿੱਗ ਗਿਆ, ਜਿਸ ਕਾਰਨ ਕਰਮਚਾਰੀ ਦਾ ਦੰਦ ਵੀ ਟੁੱਟ ਗਿਆ। ਜ਼ਖ਼ਮੀ ਮੁਲਾਜ਼ਮ ਜਸਕਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਕੈਦੀ ਨੂੰ 830 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ। ਮ੍ਰਿਤਕ ਕਰਨਵੀਰ ਸਿੰਘ ਉਰਫ ਸੋਨੂੰ ਆਨੰਦ ਨਗਰ ਪਟਿਆਲਾ ਦਾ ਰਹਿਣ ਵਾਲਾ ਸੀ, ਜਿਸਨੂੰ ਐਸ.ਆਈ ਗੁਰਪਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਪਿੰਡ ਜੱਸੋਵਾਲ ਦੇ ਸਟੇਡੀਅਮ ਨੇੜਿਓਂ  830 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਸੀ। ਥਾਣਾ ਤ੍ਰਿਪੜੀ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਕੈਦੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।