ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ

ਕਪੂਰਥਲਾ:- ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਿਕ ਅਤੇ ਸੱਭਿਆਚਾਰਕ ਸਮਾਗਮ *ਸੱਭਿਆਚਾਰਕ ਰੰਗ - ਸਹਿਤ ਦੇ ਸੰਗ" ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿਹੜੇ "ਚ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ. ਸੁਰਿੰਦਰ ਸੁੰਨੜ (ਸੰਚਾਲਕ ਆਪਣੀ ਆਵਾਜ਼) ਵੱਲੋਂ ਕੀਤੀ ਗਈ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਕਵੀ ਸ. ਦਰਸ਼ਨ ਸਿੰਘ ਬੁੱਟਰ (ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਬਤੌਰ ਵਿਸ਼ੇਸ਼ ਮਹਿਮਾਨ ਉੱਘੇ ਕਵੀ ਡਾ. ਅਮਰਜੀਤ ਕੌਂਕੇ (ਅਨੁਵਾਦਕ ਅਤੇ ਸੰਪਾਦਨ "ਪ੍ਰਤਿਮਾਨ") ਸ਼ਾਮਲ ਹੋਏ। 
   ਇਸ ਸਮਾਗਮ ਮੌਕੇ ਡਾ. ਕੁਲਦੀਪ ਚੌਹਾਨ ਵੱਲੋਂ ਅਜੌਕੇ ਦੌਰ ਵਿੱਚ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਪੰਜਾਬੀ ਭਾਸ਼ਾ ਵਿੱਚ ਸ਼ਾਮਲ ਹੋਰ ਭਾਸ਼ਾਵਾਂ ਬਾਰੇ ਬਹੁਤ ਮਹੱਵਪੂਰਨ ਜਾਣਕਾਰੀ ਦਿੱਤੀ।
ਪ੍ਰਧਾਨ ਸ. ਸੁਰਿੰਦਰ ਸੁੰਨੜ ਵੱਲੋਂ ਪੰਜਾਬੀ ਸਾਹਿਤ ਅਤੇ ਕਲਾ ਦੇ ਪਸਾਰ ਅਤੇ ਪ੍ਰਚਾਰ ਬਾਰੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੀ  ਪਹਿਲਕਦਮੀ ਦੀ ਸ਼ਲਾਘਾ ਕੀਤੀ। 
     ਡਾ. ਅਮਰਜੀਤ ਕੌਂਕੇ ਵੱਲੋਂ ਦੱਸਿਆ ਗਿਆ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਅਜਿਹੇ ਸਮਾਗਮਾਂ ਦੇ ਮਾਧਿਅਮ ਰਾਹੀਂ ਜੋੜ ਕੇ ਰੱਖਣਾ ਬਹੁਤ ਅਹਿਮ ਕਦਮ ਹੈ।
    ਸ. ਦਰਸ਼ਨ ਸਿੰਘ ਬੁੱਟਰ ਵੱਲੋਂ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਹਮੇਸ਼ਾਂ ਕਿਸੇ ਸਾਹਿਤ, ਕਲਾ ਜਾਂ ਸੱਭਿਆਚਾਰਕ ਗਤੀਵਿਧੀ ਨਾਲ ਜੁੜੇ ਰਹਿਣਾ ਚਾਹੀਦਾ, ਇਹ ਤੁਹਾਡੀ ਜ਼ਿੰਦਗੀ ਵਿੱਚ ਰੰਗ ਭਰ ਕੇ ਰੱਖੇਗਾ। 
           ਇਸ ਸਮਾਗਮ ਦੇ ਪਹਿਲੇ ਭਾਗ ਦੌਰਾਨ ਵਿਦਿਆਰਥੀਆਂ ਦੇ ਪੇਂਟਿੰਗ, ਸਲੋਗਨ ਅਤੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਰਗ ਓ (ਛੇਵੀਂ ਤੋਂ ਅੱਠਵੀਂ) ਅਤੇ ਵਰਗ ਅ (ਨੌਵੀਂ ਤੋਂ ਬਾਰਵੀਂ) ਜਮਾਤ ਦੇ ਵਿਦਿਆਰਥੀਆਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਕੁੱਲ 18 ਵਿਦਿਆਰਥੀਆਂ ਨੂੰ ਇਨਾਮ ਵਜੋਂ ਸਰਟੀਫ਼ਿਕੇਟ ਅਤੇ ਪੁਸਤਕਾਂ ਭੇਂਟ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਜੇਤੂ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਇਨਾਮ ਐਮ.ਜੀ.ਐਨ ਪਬਲਿਕ ਸਕੂਲ ਕਪੂਰਥਲਾ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ, ਕ੍ਰਾਈਸਟ ਜੋਤੀ ਸਕੂਲ ਸੁਲਤਾਨਪੁਰ ਲੋਧੀ, ਦੀ ਹਕਵਰਲਡ ਸਕੂਲ ਤਲਵੰਡੀ ਚੌਧਰੀਆਂ, ਬ੍ਰਿਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਅਤੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ ਨੇ ਹਾਸਲ ਕੀਤੇ। 
       ਸਮਾਗਮ ਦੇ ਦੂਜੇ ਪੜਾਅ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ, ਲੋਕ ਨਾਚ, ਮਿਰਜ਼ਾ, ਗਿੱਧਾ ਅਤੇ ਭੰਗੜਾ ਦੀ ਖੂਬਸੂਰਤ ਪੇਸ਼ਕਾਰੀ ਕੀਤੀ। 
      ਇਸ ਸਮਾਗਮ ਮੌਕੇ ਅੰਤਰਰਾਸ਼ਟਰੀ ਪੱਧਰ ਤੇ ਪੇਸ਼ਕਾਰੀ ਕਰਨ ਵਾਲੇ ਢਾਡੀ ਜੱਥਾ ਸ. ਗੁਰਜੀਤ ਸਿੰਘ ਗੌਰੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਬਦ ਨਾਲ ਸ਼ੁਰੂਆਤ ਕੀਤੀ ਅਤੇ ਪੰਜਾਬੀ ਬੋਲੀ ਅਤੇ ਰੋਜ਼ਾਨਾ ਰਿਸ਼ਤਿਆਂ ਦੀ ਵਿਆਖਿਆ ਕਰਦੀਆਂ ਨਜ਼ਮਾਂ ਨਾਲ ਖ਼ੂਬ ਸਮਾਂ ਬੰਨਿਆ। ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਅਰਸ਼ਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ, ਵੱਖ-ਵੱਖ ਸੰਸਥਾਵਾਂ ਦੇ  ਵਿਦਿਆਰਥੀਆਂ ਅਤੇ ਉਹਨਾਂ ਨਾਲ ਨੁਮਾਇੰਦਿਆਂ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਮੁਕਾਬਲੇ ਦੇ ਜੱਜਮੈਂਟ ਦੀ ਭੂਮਿਕਾ ਡਾ. ਕੁਲਦੀਪ ਚੌਹਾਨ, ਸ. ਅਰਜੁਨਜੀਤ ਸਿੰਘ, ਸ਼੍ਰੀਮਤੀ ਮੁਨੱਜ਼ਾ ਇਰਸ਼ਾਦ, ਸ. ਹਰਜਿੰਦਰ ਸਿੰਘ ਖਾਨੋਵਾਲ ਅਤੇ ਸ. ਹਰਜਿੰਦਰ ਸਿੰਘ ਵੱਲੋਂ ਨਿਭਾਈ ਗਈ। 
ਸਮਾਗਮ ਵਿੱਚ ਬਤੌਰ ਸਟੇਜ ਸੰਚਾਲਕ ਦੀ ਭੂਮਿਕਾ ਸ਼੍ਰੀ ਸ਼ਹਿਬਾਜ਼ ਖ਼ਾਨ ਵੱਲੋਂ ਬਾਖੂਬੀ ਨਿਭਾਈ ਗਈ।ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਟਾਫ਼ ਮਨੀਸ਼ ਕੁਮਾਰ ਅਤੇ ਸਲਮਾਨ ਵਲੋਂ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। 
ਬ੍ਰਿਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਦੇ ਕਰਮਚਾਰੀਆਂ ਸਤਵਿੰਦਰ ਸਿੰਘ, ਜੋਤੀ, ਰਜਨੀਤ , ਸੰਗੀਤਾ, ਰਮਨਦੀਪ ਕੌਰ, ਕੁਸੁਮ ਅਤੇ ਹਰਪਾਲ ਸਿੰਘ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ।