ਵੈਟਨਰੀ ਯੂਨੀਵਰਸਿਟੀ ਵੱਲੋਂ ਅਵਾਰਾ ਕੁੱਤਿਆਂ ਲਈ ਹਲਕਾਅ ਵਿਰੋਧੀ ਅਤੇ ਟੀਕਾਕਰਨ ਮੁਹਿੰਮ
ਲੁਧਿਆਣਾ 31 ਮਾਰਚ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਟੀਚਿੰਗ ਵੈਟਨਰੀ ਕਲੀਨਿਕਲ ਕੰਪਲੈਕਸ ਵਿਭਾਗ ਨੇ 'ਏ ਬੈਟਰ ਬਾਰਕ' (ਸੇਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੇ ਵਿਦਿਆਰਥੀਆਂ ਦੁਆਰਾ ਇੱਕ ਪਹਿਲ) ਦੇ ਸਹਿਯੋਗ ਨਾਲ ਮਲਟੀ-ਸਪੈਸ਼ਲਿਟੀ ਵੈਟਨਰੀ ਹਸਪਤਾਲ ਵਿਖੇ ਇੱਕ ਮੁਫਤ ਹਲਕਾਅ ਵਿਰੋਧੀ ਅਤੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ।
ਇਸ ਪਹਿਲ ਦਾ ਉਦੇਸ਼ ਹਲਕਅ ਤੋਂ ਬਚਾਅ ਦੀ ਮਹੱਤਵਪੂਰਨ ਜਨਤਕ ਸਿਹਤ ਚਿੰਤਾ ਲਈ ਧਿਆਨ ਕਰਦੇ ਹੋਏ ਅਵਾਰਾ ਕੁੱਤਿਆਂ ਦੀ ਸਿਹਤ ਅਤੇ ਭਲਾਈ ਨੂੰ ਬਿਹਤਰ ਬਣਾਉਣਾ ਸੀ। ਪਾਲਤੂ ਜਾਨਵਰਾਂ ਦੇ ਮਾਲਕਾਂ ਦੁਆਰਾ ਲਿਆਂਦੇ ਗਏ ਸਾਥੀ ਜਾਨਵਰਾਂ ਦੇ ਨਾਲ-ਨਾਲ ਮੁਹਿੰਮ ਦੇ ਤਹਿਤ ਵੱਡੀ ਗਿਣਤੀ ਵਿੱਚ ਅਵਾਰਾ ਕੁੱਤਿਆਂ ਲਈ ਵੀ ਕੰਮ ਕੀਤਾ ਗਿਆ। ਕੈਂਪ ਵਿੱਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਜਾਨਵਰਾਂ ਦੀ ਸਿਹਤ ਨੂੰ ਬਿਹਤਰ ਕਰਨ ਲਈ ਮੁੱਖ ਰਣਨੀਤੀਆਂ ਵਜੋਂ ਸਮੂਹਿਕ ਹਲਕਾਅ ਵਿਰੋਧੀ ਟੀਕਾਕਰਨ ਅਤੇ ਨਿਯਮਿਤ ਤੌਰ 'ਤੇ ਕਿਰਮ ਰਹਿਤ ਕਰਨ 'ਤੇ ਜ਼ੋਰ ਦਿੱਤਾ ਗਿਆ। ਯੂਨੀਵਰਸਿਟੀ ਕੈਂਪਸ ਦੇ ਅੰਦਰ ਵੱਖ-ਵੱਖ ਥਾਵਾਂ 'ਤੇ ਟੀਕਾਕਰਨ ਮੁਹਿੰਮ ਵੀ ਚਲਾਈ ਗਈ।
ਇੰਟਰਨ ਡਾਕਟਰ , ਐਨੀਮਲ ਵੈਲਫੇਅਰ ਕਲੱਬ ਦੇ ਵਿਦਿਆਰਥੀ, ਅਧਿਆਪਕ ਅਤੇ ਵਿਭਾਗ ਦੇ ਸਹਾਇਕ ਸਟਾਫ ਦੀ ਟੀਮ ਨੇ ਕੈਂਪ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ , ਜਾਨਵਰਾਂ ਦੀ ਸੁਰੱਖਿਅਤ ਸੰਭਾਲ ਅਤੇ ਇਲਾਜ ਨੂੰ ਯਕੀਨੀ ਬਣਾਇਆ। ਟੀਮ ਨੇ ਅਵਾਰਾ ਕੁੱਤਿਆਂ ਦੇ ਮਨੁੱਖੀ ਪ੍ਰਬੰਧਨ ਅਤੇ ਟੀਕਾਕਰਨ ਦੀ ਮਹੱਤਤਾ ਬਾਰੇ ਵੀ ਜਨਤਕ ਜਾਗਰੂਕਤਾ ਪੈਦਾ ਕੀਤੀ।
'ਏ ਬੈਟਰ ਬਾਰਕ' ਟੀਮ ਨੇ ਕੈਂਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਉਨ੍ਹਾਂ ਦੇ ਨਾਲ ਸ਼੍ਰੀ ਸੁਨੀਲ ਕੁਮਾਰ ਵੀ ਸਨ, ਜਿਨ੍ਹਾਂ ਦੇ ਸਹਿਯੋਗ ਅਤੇ ਤਾਲਮੇਲ ਨੇ ਪ੍ਰੋਗਰਾਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਡਾ. ਵੀਨਾ ਡਿ'ਸੂਜ਼ਾ, ਪ੍ਰਿੰਸੀਪਲ, ਸੇਕਰਡ ਹਾਰਟ ਕਾਨਵੈਂਟ ਸਕੂਲ ਦਾ ਉਨ੍ਹਾਂ ਦੇ ਸਮਰਥਨ ਲਈ ਦਿਲੋਂ ਧੰਨਵਾਦ ਵੀ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ, "ਅਵਾਰਾ ਕੁੱਤਿਆਂ ਦੀ ਸਿਹਤ ਪ੍ਰਬੰਧਨ ਜਨਤਕ ਸਿਹਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਜਿਹੀ ਪਹਿਲਕਦਮੀ ਹਲਕਾਅ 'ਤੇ ਕਾਬੂ ਪਾਉਣ ਅਤੇ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।"
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ , "ਨਿਯਮਿਤ ਹਲਕਾਅ ਵਿਰੋਧੀ ਟੀਕਾਕਰਨ ਅਤੇ ਕੁੱਤਿਆਂ ਨੂੰ ਕਿਰਮ ਮੁਕਤ ਕਰਨਾ ਬਿਮਾਰੀ ਦੇ ਬੋਝ ਨੂੰ ਘਟਾਉਣ ਅਤੇ ਜਾਨਵਰਾਂ ਦੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਰੋਕਥਾਮ ਉਪਾਅ ਹਨ।
ਡਾ. ਜਤਿੰਦਰ ਮੋਹਿੰਦਰੂ, ਪਸ਼ੂ ਹਸਪਤਾਲ ਦੇ ਨਿਰਦੇਸ਼ਕ ਨੇ ਦੱਸਿਆ ਕਿ "ਅਜਿਹੀ ਪਹਿਲ ਵਿੱਚ ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਉਤਸ਼ਾਹਜਨਕ ਸੀ ਜੋ ਵਿਦਿਆਰਥੀਆਂ ਦੀ ਵੱਧਦੀ ਸਮਾਜਿਕ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।"
