ਸੂਬੇ ਵਿੱਚ ਖੁੱਲ੍ਹਣਗੇ 700 ਵੀਟਾ ਬੂਥ ਮੁੱਖ ਮੰਤਰੀ

ਚੰਡੀਗੜ੍ਹ, 28 ਜੁਲਾਈ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਤਹਿਤ ਰਜਿਸਟਰਡ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤਾ ਜਾਵੇਗਾ ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ। ਇਸ ਤੋਂ ਇਲਾਵਾ, ਸਾਂਝੀ ਡੇਅਰੀ ਯੋਜਨਾ ਤਹਿਤ ਪੰਚਾਇਤੀ ਜ਼ਮੀਨ ਉੱਤੇ ਇਨ੍ਹਾਂ ਸਮੂਹਾਂ ਲਈ ਸ਼ੈੱਡ ਅਤੇ ਪਸ਼ੂਆਂ ਦੀ ਖਰੀਦ ਲਈ ਕਰਜ਼ੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਸੋਮਵਾਰ ਦੇਰ ਸ਼ਾਮ ਚੰਡੀਗੜ੍ਹ ਵਿੱਚ ਸਹਿਕਾਰੀ ਫੈਡਰੇਸ਼ਨ, ਡੇਅਰੀਫੈਡ, ਵੀਟਾ ਬੂਥ, ਹਰਹਿਤ ਸਟੋਰ, ਲੇਬਰਫੈਡ, ਹਾਊਸਫੈਡ ਆਦਿ ਸਹਿਕਾਰੀ ਫੈਡਰੇਸ਼ਨਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਆਮਦਨ ਦੇ ਸਰੋਤਾਂ ਨੂੰ ਵਧਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਸਹਿਕਾਰੀ ਸਭਾਵਾਂ ਤਹਿਤ ਰਜਿਸਟਰਡ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ 10 ਰੁਪਏ ਪ੍ਰਤੀ ਲੀਟਰ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਦੁੱਧ ਉਤਪਾਦਨ ਅਤੇ ਹੋਰ ਦੁੱਧ ਉਤਪਾਦਾਂ ਲਈ ਬਜਟ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਸਰਦੀਆਂ ਵਿੱਚ 3 ਰੁਪਏ ਅਤੇ ਗਰਮੀਆਂ ਵਿੱਚ 5 ਰੁਪਏ ਦਿੱਤੀ ਜਾਣ ਵਾਲੀ ਪ੍ਰੋਤਸਾਹਨ ਰਾਸ਼ੀ ਵਿੱਚ 2 ਰੁਪਏ ਦੇ ਹਿਸਾਬ ਨਾਲ ਵਾਧਾ ਕਰਨ ਦਾ ਐਲਾਨ ਕੀਤਾ। ਹੁਣ ਇਹ ਰਾਸ਼ੀ 5 ਰੁਪਏ ਅਤੇ 7 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਮਾਰਕੀਟਿੰਗ ਲਈ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਵੀਟਾ ਦੁੱਧ ਨੂੰ ਹੋਰ ਦੁੱਧ ਦੀ ਤਰਜ਼ ਉੱਤੇ ਮੁਨਾਫ਼ੇ ਵਿੱਚ ਲਿਆਂਦਾ ਜਾ ਸਕੇ।

**ਮੁਰ੍ਹਾ ਨਸਲ ਦੀ ਮੱਝ ਹਰਿਆਣਾ ਦੀ ਪਛਾਣ
ਮੁੱਖ ਮੰਤਰੀ ਨੇ ਕਿਹਾ ਕਿ ਮੁਰ੍ਹਾ ਨਸਲ ਦੀ ਮੱਝ ਹਰਿਆਣਾ ਦੀ ਪਛਾਣ ਹੈ। ਦੁੱਧ ਉਤਪਾਦਨ ਨੂੰ ਵਧਾਉਣ ਲਈ ਹੋਰ ਜ਼ਿਆਦਾ ਸਾਰਥਕ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਲਈ ਪੈਕਸ ਵਿੱਚ ਔਰਤਾਂ ਦੇ ਸਮੂਹਾਂ ਨੂੰ ਦੁੱਧ ਦੀ ਡੇਅਰੀ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੂਬੇ ਦੇ 143 ਸਵੈ-ਸਹਾਇਤਾ ਸਮੂਹਾਂ ਨੇ ਦੁੱਧ ਦੀ ਵਿਕਰੀ ਲਈ ਸਹਿਮਤੀ ਪ੍ਰਗਟਾਈ ਹੈ। ਜਲਦੀ ਹੀ 'ਸਹਿਕਾਰ ਨੂੰ ਹੋਰ ਮਜ਼ਬੂਤ ਕਰਨ ਲਈ ਇਨ੍ਹਾਂ ਸਮੂਹਾਂ ਲਈ ਸ਼ੈੱਡ ਬਣਵਾ ਕੇ ਆਧੁਨਿਕ ਡੇਅਰੀ ਸਹੂਲਤਾਂ ਮੁਹੱਈਆ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ।

**710 ਸਹਿਕਾਰੀ ਸਭਾਵਾਂ ਦੀ ਆਨਲਾਈਨ ਰਜਿਸਟ੍ਰੇਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੀਆਂ 800 ਸਹਿਕਾਰੀ ਸਭਾਵਾਂ ਵਿੱਚੋਂ 710 ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ। ਇਸ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਜੋ ਸਾਰੀਆਂ ਸਭਾਵਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਕਰਕੇ ਸ਼ੇਅਰ ਟਰਾਂਸਫਰ ਸੇਵਾ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੀ.ਐੱਮ. ਪੈਕਸ ਨੂੰ ਐੱਮ. ਪੈਕਸ ਵਿੱਚ ਬਦਲਣ ਲਈ ਕੰਮ ਕੀਤਾ ਜਾਵੇ ਤਾਂ ਜੋ ਇਨ੍ਹਾਂ ਵਿੱਚ ਸੀ.ਐੱਸ.ਸੀ., ਕੈਟਲ ਫੀਡ, ਬੀਜ ਵਿਕਰੀ, ਖਾਦ, ਕੀਟਨਾਸ਼ਕ ਦਵਾਈਆਂ ਆਦਿ 33 ਤਰ੍ਹਾਂ ਦੇ ਕੰਮ ਸ਼ੁਰੂ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਦੀ ਤਰ੍ਹਾਂ ਸਹਿਕਾਰੀ ਸਭਾਵਾਂ ਨੂੰ ਮੁਨਾਫੇ ਵਿੱਚ ਲਿਆਉਣ ਲਈ ਵਿਆਪਕ ਪੱਧਰ ਉੱਤੇ ਕਾਰਜ ਯੋਜਨਾ ਬਣਾਈ ਜਾਵੇ। ਸਹਿਕਾਰੀ ਸਭਾਵਾਂ ਦੇ ਮਾਧਿਅਮ ਨਾਲ ਹਰ ਘਰ ਨੂੰ ਕੰਮ ਮਿਲ ਸਕਦਾ ਹੈ। ਇਸ ਤਰ੍ਹਾਂ ਪੇਂਡੂ ਅਰਥਚਾਰੇ ਨੂੰ ਮਜ਼ਬੂਤੀ ਨਾਲ ਹਰਿਆਣਾ ਨੂੰ ਡੇਅਰੀ ਵਿਕਾਸ ਖੇਤਰ ਵਿੱਚ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਾ ਹੈ।

**ਸੂਬੇ ਵਿੱਚ ਖੁੱਲ੍ਹਣਗੇ 700 ਵੀਟਾ ਬੂਥ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੁਜ਼ਗਾਰ ਨੂੰ ਵਾਧਾ ਦੇਣ ਲਈ 674 ਵੀਟਾ ਬੂਥ ਖੋਲੇ ਜਾ ਚੁੱਕੇ ਹਨ ਅਤੇ ਛੇਤੀ ਹੀ 318 ਬੂਥ ਹੋਰ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ 240 ਬੂਥਾਂ ਲਈ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਵੀਟਾ ਬੂਥ ਸੈਂਟਰਾਂ ਦੀ ਗਿਣਤੀ ਵਧਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਹਿਕਾਰੀ ਸਭਾਵਾਂ ਰਾਹੀਂ ਰੋਜ਼ਾਨਾ 5 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁੱਧ ਤੋਂ ਕਈ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਣ ਤਾਂ ਜੋ ਸਹਿਕਾਰੀ ਫੈਡਰੇਸ਼ਨ ਨੂੰ ਘਾਟੇ ਤੋਂ ਉਭਾਰਿਆ ਜਾ ਸਕੇ। ਇਸ ਲਈ ਜਲਦੀ ਹੀ ਆਈਸ ਕਰੀਮ ਬਣਾਉਣੀ ਸ਼ੁਰੂ ਕੀਤੀ ਜਾਵੇਗੀ।

**ਬਾਵਲ ਦੁੱਧ ਪਲਾਂਟ ਦੀ ਸਮਰੱਥਾ ਵਧਾ ਕੇ 5 ਲੱਖ ਲੀਟਰ ਹੋਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਵੀਟਾ ਦੁੱਧ ਅਤੇ ਉਤਪਾਦਾਂ ਦੀ ਵਿਕਰੀ ਲਈ ਰੇਲਵੇ ਅਤੇ ਡਿਫੈਂਸ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਬਾਵਲ ਵਿੱਚ 1.50 ਲੱਖ ਲੀਟਰ ਸਮਰੱਥਾ ਦਾ ਦੁੱਧ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦੀ ਸਮਰੱਥਾ ਵਧਾ ਕੇ ਪੜਾਅਵਾਰ ਤਰੀਕੇ ਨਾਲ 5 ਲੱਖ ਲੀਟਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅੰਬਾਲਾ ਵਿੱਚ ਵੀ 1.50 ਲੱਖ ਲੀਟਰ ਸਮਰੱਥਾ ਦਾ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੇ ਹਰ ਜ਼ਿਲ੍ਹੇ ਵਿੱਚ 5 ਤੋਂ 10 ਹਜ਼ਾਰ ਲੀਟਰ ਸਮਰੱਥਾ ਦੇ 21 ਮਿਲਕ ਚਿਲਿੰਗ ਸੈਂਟਰ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਹਰਿਆਣਾ ਰਾਜ ਪਰਿਵਹਨ ਦੇ ਬੱਸ ਅੱਡਿਆਂ ਉੱਤੇ 75 ਬੂਥ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਟੂਰਿਜ਼ਮ ਖੇਤਰਾਂ ਅਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਅਤੇ ਸਿਵਲ ਹਸਪਤਾਲਾਂ ਵਿੱਚ ਵੀ ਜਨ ਔਸ਼ਧੀ ਸਟੋਰ ਦੀ ਤਰ੍ਹਾਂ ਵੀਟਾ ਬੂਥ ਖੋਲੇ ਜਾਣਗੇ। ਇਸੇ ਤਰ੍ਹਾਂ ਸੂਬੇ ਵਿੱਚ 1400 ਹਰਹਿਤ ਸਟੋਰ ਖੋਲ੍ਹੇ ਜਾਣਗੇ ਅਤੇ ਪੰਚਾਇਤਾਂ ਵਿੱਚ ਆਈ.ਓ.ਸੀ.ਐੱਲ. ਲਈ 300 ਥਾਵਾਂ ਦੀ ਪਛਾਣ ਕੀਤੀ ਗਈ ਹੈ।

**ਖੰਡ ਮਿੱਲਾਂ ਵਿੱਚ ਪਿੜਾਈ ਦਾ ਟੀਚਾ 130 ਦਿਨ, ਰਿਕਵਰੀ ਟੀਚਾ ਵਧਾ ਕੇ 10 ਫੀਸਦੀ ਕੀਤਾ ਜਾਵੇ
ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵਿੱਚ ਪਿੜਾਈ ਦਾ ਟੀਚਾ 130 ਦਿਨ ਕੀਤਾ ਜਾਵੇ ਅਤੇ ਰਿਕਵਰੀ ਟੀਚਾ ਵਧਾ ਕੇ 10 ਫੀਸਦੀ ਕੀਤਾ ਜਾਵੇ। ਇਸ ਤੋਂ ਇਲਾਵਾ ਗੰਨੇ ਦਾ ਖੇਤਰਫਲ ਵਧਾਉਣ ਲਈ ਡ੍ਰਿਪ ਇਰੀਗੇਸ਼ਨ ਦੀ ਵਰਤੋਂ ਦੇ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਗੰਨੇ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਲਈ ਬੋਰਡ ਆਫ਼ ਡਾਇਰੈਕਟਰਜ਼ ਦੀ ਤਿਮਾਹੀ ਮੀਟਿੰਗ ਕਿਸਾਨਾਂ ਦੇ ਨਾਲ ਕੀਤੀ ਜਾਵੇ। ਕੈਥਲ ਖੰਡ ਮਿੱਲ ਵਿੱਚ ਉੱਚ ਗੁਣਵੱਤਾ ਦਾ ਗੁੜ ਬਣਾਇਆ ਜਾਵੇ। ਉਨ੍ਹਾਂ ਰਾਜ ਦੇ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਖੰਡ ਦੇ ਪਾਊਚਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਖੰਡ ਮਿੱਲਾਂ ਵਿੱਚ ਸ਼ੂਗਰਕੇਨ ਹਾਰਵੈਸਟਰ ਮਸ਼ੀਨਾਂ ਤੋਂ ਇਲਾਵਾ ਕੰਪ੍ਰੈੱਸਡ ਬਾਇਓ ਗੈਸ ਪਲਾਂਟ ਲਗਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਹਰਕੋਫੈਡ ਵੱਲੋਂ ਗ਼ਰੀਬ ਪਰਿਵਾਰਾਂ ਨੂੰ 7 ਫੀਸਦੀ ਵਿਆਜ ਉੱਤੇ 12.50 ਲੱਖ ਰੁਪਏ ਤੱਕ ਦਾ ਰਿਹਾਇਸ਼ੀ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਤੱਕ 21 ਹਜ਼ਾਰ ਲੋਕਾਂ ਦੇ ਘਰ ਬਣਵਾਏ ਜਾ ਚੁੱਕੇ ਹਨ।
ਸਹਿਕਾਰੀ ਫੈਡਰੇਸ਼ਨ ਵਿੱਚ ਖਰੀਦੇ ਗਏ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਉਪਲਬਧਤਾ ਦੀ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾਵੇ। ਇਸ ਤੋਂ ਇਲਾਵਾ ਕਸਟਮ ਹਾਇਰ ਸੈਂਟਰਾਂ ਵਿੱਚ ਖਰੀਦੇ ਗਏ ਖੇਤੀਬਾੜੀ ਉਪਕਰਨਾਂ ਦੀ ਵੀ ਸੂਚੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਉਪਕਰਨਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੈਣ-ਦੇਣ ਵਿੱਚ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਲੈਣ-ਦੇਣ ਦੇ ਸਾਰੇ ਕੰਮ ਆਨਲਾਈਨ ਕੀਤੇ ਜਾਣ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਪ੍ਰਿੰਸੀਪਲ ਸਕੱਤਰ ਵਿਜੇਂਦਰ ਕੁਮਾਰ, ਪ੍ਰਮੁੱਖ ਸਕੱਤਰ ਸਹਿਕਾਰਤਾ ਪੰਕਜ ਯਾਦਵ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਅਜੈ ਕੁਮਾਰ ਸਮੇਤ ਸਹਿਕਾਰੀ ਫੈਡਰੇਸ਼ਨਾਂ ਦੇ ਅਧਿਕਾਰੀ ਵੀ ਮੌਜੂਦ ਸਨ।