ਕਰੈਡਿਟ ਕਾਰਡ ਦੇ ਖਪਤਕਾਰ ਕੋਲ ਪਹੁੰਚਣ ਤੋਂ ਪਹਿਲਾਂ ਹੀ ਹੋਈ 41900 ਦੀ ਆਨਲਾਈਨ ਠੱਗੀ

ਘਨੌਰ, 26 ਸਤੰਬਰ- ਅੱਜ ਕੱਲ ਆਨਲਾਈਨ ਲੈਣ ਦੇਣ ਦਾ ਇਸਤੇਮਾਲ ਲਗਾਤਾਰ ਵਧ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਨਲਾਈਨ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਧੋਖਾਧੜੀ ਕਰਨ ਵਾਲੇ ਫੋਨ ਕਾਲ ਜ਼ਰੀਏ ਕ੍ਰੈਡਿਟ ਕਾਰਡ ਨੰਬਰ ਜਾਂ ਬੈਂਕ ਖਾਤੇ ਦੀ ਜਾਣਕਾਰੀ ਤੱਕ ਪਹੁੰਚ ਬਣਾਉਣ ਲਈ ਵੁਆਇਸ-ਓਵਰ-ਇੰਟਰਨੈਟ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ।
ਘਨੌਰ ਵਾਰਡ ਨੰਬਰ 1 ਦੇ ਵਾਸੀ ਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਅਤੇ ਘਨੌਰ ਵਿਖੇ ਇਕ ਹੇਅਰ ਡਰੈਸਰ ਦੇ ਕੋਲ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਉਸਨੇ ਇਕ ਪ੍ਰਾਈਵੇਟ ਬੈਂਕ ਦਾ ਕਰੈਡਿਟ ਕਾਰਡ ਮੰਗਵਾਇਆ ਸੀ ਜੋ ਉਸ ਕੋਲ 16 ਸਤੰਬਰ ਨੂੰ ਡਾਕ ਰਾਹੀਂ ਪਹੁੰਚਿਆ। ਮਨਦੀਪ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ 19 ਸਤੰਬਰ ਨੂੰ ਕਾਰਡ ਵਰਤਣਾ ਚਾਹਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਕਾਰਡ ਵਿਚ ਸਿਰਫ 100 ਰੁਪਏ ਹੀ ਬੈਲੇਂਸ ਹਨ ਤੇ 41900 ਰੁਪਏ ਲੰਘੇ ਮਹੀਨੇ (ਅਗਸਤ 25 ਨੂੰ) ਡਿਟੇਡੀਓਨ ਨਾਮ ਦੀ ਫਰਮ ਕੋਲ ਟਰਾਂਸਫਰ ਹੋ ਚੁੱਕੇ ਹਨ। ਮਨਦੀਪ ਦਾ ਕਹਿਣਾ ਹੈ ਕਿ ਉਸ ਕੋਲ ਕਾਰਡ ਆਉਣ ਤੋਂ ਪਹਿਲਾਂ ਹੀ ਕਾਰਡ ਵਿੱਚੋਂ ਪੈਸੇ ਕਢਵਾਏ ਹੋਏ ਸੀ ਜਿਸਦੀ ਸ਼ਿਕਾਇਤ ਉਸਨੇ ਸਾਇਬਰ ਕਰਾਈਮ ਵਿਖੇ ਕਰਵਾਈ ਹੈ।
ਇਸ ਸੰਬੰਧੀ ਘਨੌਰ ਬੈਂਕ ਦੇ ਸਬ ਮੈਨੇਜਰ ਮਨੀਸ਼ ਕੁਮਾਰ ਨੇ ਕਿਹਾ ਕਿ ਮਨਦੀਪ ਕੁਮਾਰ ਨੇ ਆਪਣੀ ਮੁਢਲੀ ਜਾਣਕਾਰੀ ਆਨਲਾਈਨ ਠੱਗਾਂ ਨਾਲ ਸਾਂਝੀ ਕੀਤੀ ਹੈ ਅਤੇ ਘਨੌਰ ਬ੍ਰਾਂਚ ਤੋਂ ਕੋਈ ਕਰੈਡਿਟ ਕਾਰਡ ਅਪਲਾਈ ਨਹੀਂ ਕਰਵਾਇਆ ਬਲਕਿ ਮਨਦੀਪ ਨੇ ਖੁਦ ਹੀ ਔਨਲਾਇਨ ਕਾਰਡ ਮੰਗਵਾਇਆ ਸੀ ਜੋ ਕਿ ਪਹਿਲਾਂ ਹੀ ਐਕਟਈਵੇਟ ਸੀ ਤੇ ਉਹਨ੍ਹਾਂ ਨਾਲ ਜੋ ਠੱਗੀ ਹੋਈ ਹੈ ਉਹ ਵੀ ਆਨਲਾਈਨ ਹੀ ਹੋਈ ਹੈ ਜਿਸ ਵਿਚ ਬੈਂਕ ਦੀ ਕੋਈ ਜਿੰਮੇਵਾਰੀ ਨਹੀਂ ਹੈ।