ਰਜਿੰਦਰਾ ਹਸਪਤਾਲ 'ਚ 3 ਅਲਟਰਾ ਮਾਡਰਨ ਆਪਰੇਸ਼ਨ ਥੀਏਟਰ ਮਰੀਜ਼ਾਂ ਨੂੰ ਸਮਰਪਿਤ

ਪਟਿਆਲਾ, 22 ਅਕਤੂਬਰ - ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਕਰਾਂਤੀ ਲਿਆਂਦੀ ਹੈ। ਸਿਹਤ ਮੰਤਰੀ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 3 ਹੋਰ ਈ.ਐਨ.ਟੀ., ਓਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ ਅਲਟਰਾ ਮਾਡਰਨ, ਅਤਿਆਧੁਨਿਕ ਮੋਡੁਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਕੇ ਮਰੀਜਾਂ ਨੂੰ ਸਮਰਪਿਤ ਕਰਨ ਪੁੱਜੇ ਹੋਏ ਸਨ।
 ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 7.5 ਕਰੋੜ ਰੁਪਏ ਦੀ ਲਾਗਤ ਨਾਲ 4 ਮੌਡੁਲਰ ਆਪਰੇਸ਼ਨ ਥੀਏਟਰ ਮਰੀਜ਼ਾਂ ਨੂੰ ਸਮਰਪਿਤ ਕੀਤੇ ਗਏ ਸਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ, ਜਿਸ ਤਹਿਤ ਰਾਜਿੰਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਆਪਰੇਸ਼ਨ ਥੀਏਟਰ ਏਮਜ ਜਾਂ ਫਿਰ ਪੀਜੀਆਈ ਵਰਗੀਆਂ ਸੰਸਥਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ, ਜਿਸ ਲਈ ਇਹ ਮੌਡੁਲਰ ਆਪੇਰਸ਼ਨ ਥੀਏਟਰ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ, ਕਿਉਂਕਿ ਇੱਥੇ ਸਾਫ਼ ਸੁਥਰੇ ਵਾਤਾਵਰਣ ਵਿੱਚ ਮਰੀਜ਼ਾਂ ਦੇ ਆਪਰੇਸ਼ਨ ਹੋਣ ਨਾਲ ਸਫ਼ਲਤਾ ਦਰ ਵਧੇਗੀ ਤੇ ਮਰੀਜ਼ ਸਿਹਤਮੰਦ ਹੋਕੇ ਆਪਣੇ ਘਰਾਂ ਨੂੰ ਜਾਣਗੇ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਆਪਰੇਸ਼ਨ ਥੀਏਟਰਾਂ 'ਚ ਲੈਮੀਨਾਰ ਫਲੋ ਸਿਸਟਮ ਤੇ ਹੈਫ਼ਾ ਫਿਲਟਰ ਕਰਕੇ ਲਗਾਤਾਰ ਹਰ ਤਿੰਨ ਤੋਂ ਪੰਜ ਮਿੰਟ ਬਾਅਦ ਹਵਾ ਤਬਦੀਲ ਹੋਵੇਗੀ ਤੇ ਤਾਪਮਾਨ ਤੇ ਨਮੀਂ ਕੰਟਰੋਲ ਕਰਦੇ ਹਨ, ਇੱਥੇ ਮਰੀਜਾਂ ਨੂੰ ਆਪਰੇਸ਼ਨ ਤੋਂ ਬਾਅਦ ਕਿਸੇ ਵੀ ਲਾਗ ਦੀ ਬਿਮਾਰੀ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਇੱਥੇ ਵਰਤੇ ਜਾਣ ਵਾਲੇ ਸਾਰੇ ਉਪਕਰਨ ਪ੍ਰੀਫੈਬਰੀਕੇਟ ਤੇ ਦੀਵਾਰ ਵਿੱਚ ਫਿਟ ਹਨ।
ਇਕ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਦੀਪਾਲੀ, ਈ.ਐਨ.ਟੀ. ਦੇ ਮੁਖੀ ਡਾ. ਸੰਜੀਵ ਭਗਤ, ਓਨਕੋਲੋਜੀ ਸਰਜਨ ਡਾ. ਅਨੁਭਵ, ਤੇ ਪੈਡਿਆਟ੍ਰਿਕਸ ਸਰਜਰਨ ਡਾ. ਰਵੀ ਕੁਮਾਰ ਆਦਿ ਮਾਹਰ ਡਾਕਟਰ ਵੀ ਮੌਜੂਦ ਸਨ।