ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਹਨ 358 ਯੋਗਾ ਕਲਾਸਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜਨਵਰੀ:- ਜ਼ਿਲ੍ਹੇ ਵਿੱਚ ਸੀ ਐਮ ਦੀ ਯੋਗਸ਼ਾਲਾ ਤਹਿਤ ਰੋਜ਼ਾਨਾ 358 ਯੋਗਾ ਸੈਸ਼ਨ ਲਾਏ ਜਾ ਰਹੇ ਹਨ, ਜਿੱਥੇ 14500 ਤੋਂ ਵਧੇਰੇ ਲੋਕ ਯੋਗਾ ਕਲਾਸਾਂ ਦਾ ਹਿੱਸਾ ਬਣ ਕੇ ਸੁਖਦ ਅਤੇ ਤੰਦਰੁਸਤ ਜ਼ਿੰਦਗੀ ਦਾ ਲਾਭ ਲੈ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ 22 ਜੂਨ 2023 ਵਿੱਚ ਯੋਗ ਕਲਾਸਾਂ ਦੀ ਸ਼ੁਰੂਆਤ ਹੋਈ ਸੀ। ਇਸ ਮੌਕੇ ਜ਼ਿਲ੍ਹੇ ਵਿੱਚ 76 ਯੋਗਾ ਟ੍ਰੇਨਰ ਕੰਮ ਕਰ ਰਹੇ ਹਨ, ਜੋ ਸਵੇਰ ਤੋਂ ਸ਼ੁਰੂ ਕਰਕੇ ਸ਼ਾਮ ਤੱਕ ਇੱਕ ਦਿਨ ਵਿੱਚ ਪੰਜ-ਪੰਜ ਕਲਾਸਾਂ ਲਗਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਦੀ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਪਾਰਕਾਂ, ਕਮਿਊਨਿਟੀ ਸੈਂਟਰਾਂ ਆਦਿ ਵਿੱਚ ਇਹ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇੱਕ ਕਲਾਸ ਲਈ ਘੱਟ ਤੋਂ ਘੱਟ 25 ਮੈਂਬਰ ਹੋਣ ਜ਼ਰੂਰੀ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਟ੍ਰੇਨਰਾਂ ਵੱਲੋਂ ਹਾਲ ਹੀ ਵਿੱਚ ਜ਼ਿਲ੍ਹੇ ਵਿੱਚ ਅਮਿਟੀ ਯੂਨੀਵਰਸਿਟੀ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀਮਤੀ ਅਨਿੰਦਿਤਾ ਮਿਤਰਾ ਦੀ ਅਗਵਾਈ ਹੇਠ ਮਨਾਏ ਗਏ 16ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਵਿਸ਼ੇਸ਼ ਸਟੇਜ ਪੇਸ਼ਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਵੀ ਯੋਗਾ ਟ੍ਰੇਨਰਾਂ ਵੱਲੋਂ ਆਪਣੀ ਵਿਸ਼ੇਸ਼ ਯੋਗਾ ਪੇਸ਼ਕਾਰੀ ਰਾਹੀਂ ਹਾਜ਼ਰੀ ਲਗਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜੋ ਕਿ ਰਾਜ ਭਰ ਦੇ ਨਾਗਰਿਕਾਂ ਨੂੰ ਮੁਫਤ ਯੋਗ ਸਿੱਖਿਆ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਹ ਪ੍ਰੋਗਰਾਮ ਯੋਗ ਨੂੰ ਹਰ ਘਰ ਤੱਕ ਪਹੁੰਚਯੋਗ ਬਣਾ ਕੇ ਅਤੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦੇ ਹਿੱਸੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਕਰਕੇ ਇੱਕ ਲੋਕ ਲਹਿਰ ਵਜੋਂ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
