31 ਵੇਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 9 ਨਵੰਬਰ ਨੂੰ ਕਰਵਾਏ ਜਾਣਗੇ
ਮਾਹਿਲਪੁਰ- ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ 31ਵੇਂ ਸਾਹਿਤ ਸਿਰਜਣਾ ਮੁਕਾਬਲੇ 9 ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਕਰੂੰਬਲਾਂ ਭਵਨ ਮਹਲਪੁਰ ਵਿੱਚ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਰਸਾਲੇ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਦੱਸਿਆ ਕਿ ਇਸ ਮੌਕੇ ਕਵਿਤਾ, ਕਹਾਣੀ, ਲੇਖ ਅਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਜਾਣਗੇ।
ਜਿਸ ਵਿੱਚ ਇੱਕ ਸਕੂਲ ਦੇ ਚਾਰ ਭਾਗੀਦਾਰ ਭਾਗ ਲੈ ਸਕਦੇ ਹਨ। ਚਾਹਵਾਨ ਸਕੂਲ ਮੁਖੀ ਆਪਣੇ ਵਿਦਿਆਰਥੀਆਂ ਦੇ ਵੇਰਵੇ 2 ਅਕਤੂਬਰ, 2025 ਤੱਕ ਸੰਪਾਦਕ ਨੂੰ ਭੇਜ ਸਕਦੇ ਹਨ। ਸਾਰੇ ਭਾਗੀਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਪੁਸਤਕਾਂ ਦੀ ਸੈਟ ਪ੍ਰਦਾਨ ਕੀਤੇ ਜਾਣਗੇ।
ਇਨਾਮ ਜੇਤੂ ਰਚਨਾਵਾਂ ਨੂੰ ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਯਾਦਗਾਰੀ ਸਲਾਨਾ ਸਕਾਲਰਸ਼ਿਪ ਵਜ਼ੋਂ ਨਗਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਚੁਣੀਆਂ ਗਈਆਂ ਰਚਨਾਵਾਂ ਨੂੰ ਨਿੱਕੀਆਂ ਕਰੂੰਬਲਾਂ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।
ਇਸ ਮੌਕੇ ਟਰੱਸਟ ਦੇ ਉੱਘੇ ਸਹਿਯੋਗੀ ਜਸਵੀਰ ਚੰਦ ਨਵਾਂਸ਼ਹਿਰ, ਬਲਬੀਰ ਸਿੱਧੂ ਕੈਨੇਡਾ ਉਚੇਚੇ ਤੌਰ ਤੇ ਹਾਜ਼ਰ ਹੋਏ। ਸੁਰ ਸੰਗਮ ਵਿੱਦਿਅਕ ਟਰੱਸਟ ਦੀ ਹੋਈ ਇਸ ਮੀਟਿੰਗ ਵਿੱਚ ਬਾਲ ਸਾਹਿਤ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ 'ਤੇ ਵਿਚਾਰ ਚਰਚਾ ਉਪਰੰਤ ਨਿੱਕੀਆਂ ਕਰੂੰਬਲਾਂ ਦੇ 31 ਵੇਂ ਸਲਾਨਾ ਸਮਾਰੋਹ ਦੀ ਰੂਪ ਰੇਖਾ ਵੀ ਉਲੀਕੀ ਗਈ।
ਮੀਟਿੰਗ ਵਿੱਚ ਵਿਚਾਰ ਪ੍ਰਗਟ ਕਰਨ ਵਾਲਿਆਂ ਵਿੱਚ ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ, ਵਿਹਾਨ, ਸੁਖਮਨ ਸਿੰਘ, ਪ੍ਰਿੰ. ਮਨਜੀਤ ਕੌਰ, ਕਸ਼ਮੀਰ ਕੌਰ, ਬੀਰਾਂ ਸਿੱਧੂ, ਹਰਵੀਰ ਮਾਨ, ਹਰਮਨਪ੍ਰੀਤ ਕੌਰ ਸ਼ਾਮਲ ਹੋਏ।
