ਅੱਖਾਂ ਦਾ 26 ਵਾਂ ਮੁਫ਼ਤ ਆਪ੍ਰੇਸ਼ਨ ਕੈਂਪ 18 ਨੂੰ
ਨਵਾਂਸ਼ਹਿਰ:- ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਨਵਾਂਸ਼ਹਿਰ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 18 ਮਾਰਚ ਦਿਨ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖੀ ਡਾ. ਜੇਡੀ ਵਰਮਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਵੇਰੇ 8:30 ਵਜੇ ਤੋਂ 10:00 ਵਜੇ ਤੱਕ ਪਵਿੱਤਰ ਸ਼੍ਰੀ ਅੰਮ੍ਰਿਤਬਾਣੀ ਜੀ ਦਾ ਪਾਠ ਹੋਏਗਾ। ਇਸ ਤੋਂ ਉਪਰੰਤ 10:00 ਵਜੇ ਆਪ੍ਰੇਸ਼ਨ ਕੈਂਪ ਦਾ ਉਦਘਾਟਨ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਵਾਈਸ ਪ੍ਰੈਜ਼ੀਡੈਂਟ ਸੁਸ਼ੀਲ ਕੁਮਾਰ ਪੁਰੀ ਵਲੋਂ ਕੀਤਾ ਜਾਵੇਗਾ। ਡਾ. ਵਰਮਾ ਨੇ ਕਿਹਾ ਕਿ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੀ ਜਾਂਚ ਮੁਫਤ ਕੀਤੀ ਜਾਵੇਗੀ।
ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ। ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਦੀ ਲੋੜ ਹੋਈ ਤਾਂ ਉਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਮਾਹਿਰ ਡਾਕਟਰਾਂ ਵਲੋਂ ਕੀਤੇ ਜਾਣਗੇ। ਮਰੀਜ਼ਾਂ ਦੇ ਆਪ੍ਰੇਸ਼ਨ , ਆਉਣ ਜਾਣ, ਰਹਿਣ ਅਤੇ ਖਾਣ ਪੀਣ ਦਾ ਖਰਚ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵਲੋਂ ਕੀਤਾ ਜਾਵੇਗਾ।
ਕੈਂਪ ਦੌਰਾਨ ਖਾਣ ਪੀਣ ਦਾ ਪ੍ਰਬੰਧ ਵੀ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵੱਲੋਂ ਕੀਤਾ ਜਾਵੇਗਾ। ਡਾ. ਵਰਮਾ ਵਲੋਂ ਲੋੜਵੰਦ ਵਿਅਕਤੀਆਂ ਨੂੰ ਸਵੇਰੇ 9:00 ਵਜੇ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਂਕ ਨਵਾਂਸ਼ਹਿਰ ਵਿਖੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ ਹੈ।
