ਖ਼ੂਨਦਾਨ ਕੈਂਪ ਵਿਚ 200 ਲੋਕਾਂ ਨੇ ਖ਼ੂਨ ਦਾਨ ਕੀਤਾ

ਅੰਬਾਲਾ, 31 ਮਈ:- ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਲਾਇਨ ਕਲੱਬ ਹੋਸਟ ਵੱਲੋਂ ਅੰਬਾਲਾ ਛਾਉਣੀ ਸਥਿਤ ਡਾ. ਜੈ ਦੇਵ ਮੈਮੋਰੀਅਲ ਰੋਟਰੀ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ। ਇਹ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਚੱਲਿਆ। ਇਸ ਵਿੱਚ 200 ਲੋਕਾਂ ਨੇ ਖ਼ੂਨਦਾਨ ਕੀਤਾ। ਹਰਿਆਣਾ ਮੈਡੀਕਲ ਰੀਪ੍ਰੀਜ਼ੈਨਟੇਟਿਵ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਆਪਣੇ ਸਾਥੀਆਂ ਨਾਲ ਇਸ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਲਈ ਪਹੁੰਚੇ। 
ਇਸ ਮੌਕੇ ਤੇ   ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਿਤੇਂਦਰ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਲਾਇਨਜ਼ ਕਲੱਬ ਨਾਲ ਮਿਲ ਕੇ ਸਮਾਜ ਭਲਾਈ ਲਈ ਇਹ ਕੈਂਪ ਲਾਇਆ ਹੈ, ਸਮਾਜ ਨੂੰ ਇਸ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਖ਼ੂਨ ਦਾਨ ਕਰਨ ਲਈ ਉਨ੍ਹਾਂ ਕੋਲ ਕਈ ਸੰਸਥਾਵਾਂ ਤੋਂ ਲੋਕ ਆਏ ਹਨ।
 ਲਾਇਨਜ਼ ਕਲੱਬ ਅੰਬਾਲਾ ਹੋਸਟ ਦੇ ਸੀਨੀਅਰ ਮੈਂਬਰ ਪਵਨ ਚੋਪੜਾ (ਪਿਤਾ ਅਦਾਕਾਰਾ ਪ੍ਰਨਿਤੀ ਚੋਪੜਾ) ਨੇ ਕਿਹਾ ਕਿ ਕਲੱਬ ਸਾਰਾ ਸਾਲ ਸਮਾਜ ਸੇਵਾ ਦੇ ਕਈ ਪ੍ਰੋਜੈਕਟ ਚਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਹਸਪਤਾਲ ਵਿਚ ਅਜਿਹੀਆਂ ਮਸ਼ੀਨਾਂ ਹਨ ਜੋ ਇਕ ਵਿਅਕਤੀ ਵੱਲੋਂ ਦਾਨ ਕੀਤਾ ਖ਼ੂਨ 14 ਮਰੀਜ਼ਾਂ ਨੂੰ ਲਾਭ ਦੇ ਸਕਦਾ ਹੈ। 
ਇਸ ਮੌਕੇ ਤੇ ਡਾ. ਜਨਕ ਰਾਜ, ਡਾ. ਨਰਿੰਦਰ ਗਰਗ, ਲਾਇਨ ਕਲੱਬ ਦੇ ਪ੍ਰਧਾਨ ਵਿਕਾਸ ਮਲਹੋਤਰਾ, ਰਾਜ ਮਦਾਨ ਅਤੇ ਕਲੱਬ ਦੇ ਹੋਰ ਮੈਂਬਰ ਮੌਜੂਦ ਸਨ।