ਪਟਿਆਲਾ:- ਸੀਨੀਅਰ ਸਿਟੀਜ਼ਨ ਪਾਰਕ, ਅਰਬਨ ਅਸਟੇਟ ਫੇਜ਼-3, ਪਟਿਆਲਾ ਵਿਖੇ ਤਿੰਨ ਸਾਲਾਂ ਤੋਂ ਨਿਰੰਤਰ ਚੱਲ ਰਹੀਆਂ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ 30 ਤੋਂ ਵੱਧ ਯੋਗਾ ਸਾਧਕਾਂ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਵਿਜੈ ਕੁਮਾਰ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਸਭ ਤੋਂ ਵਧੀਆ ਕਸਰਤ ਹੈ ਅਤੇ ਹਰ ਵਿਅਕਤੀ ਨੂੰ ਇਸਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਡਾ. ਮਲਕੀਤ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪਟਿਆਲਾ, ਰਮਨਦੀਪ ਕੌਰ, ਜ਼ਿਲ੍ਹਾ ਇੰਚਾਰਜ ਸੀ.ਐੱਮ. ਯੋਗਾ, ਪਟਿਆਲਾ ਅਤੇ ਆਸ਼ਾ ਰਾਣੀ, ਸਾਬਕਾ ਡਿਪਟੀ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਹਾਜ਼ਰ ਸਨ।
ਤਿੰਨ ਸਾਲਾਂ ਤੋਂ ਨਿਯਮਿਤ ਯੋਗਾ ਕਰ ਰਹੇ ਸਾਰੇ ਸਾਧਕਾਂ ਨੂੰ ਉਨ੍ਹਾਂ ਦੀ ਲਗਨ ਅਤੇ ਅਨੁਸ਼ਾਸਨ ਲਈ ਮੈਡਲ ਪ੍ਰਦਾਨ ਕੀਤੇ ਗਏ। ਸਮਾਗਮ ਵਿੱਚ ਪਹੁੰਚੇ ਸਾਰੇ ਮਾਣਯੋਗ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਯੋਗਾ ਟ੍ਰੇਨਰ ਗੁਰਦੀਪ ਸਿੰਘ ਨੂੰ ਯੋਗਾ ਦੇ ਪ੍ਰਚਾਰ-ਪ੍ਰਸਾਰ, ਸ਼ਾਨਦਾਰ ਸੇਵਾਵਾਂ, ਸਮਰਪਣ ਅਤੇ ਅਨੁਸ਼ਾਸਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।