ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅੱਜ ਤੋਂ ਦਸ ਸਾਲ ਪਹਿਲਾਂ ਭਾਰਤ ਦੀ ਅੰਤਰਰਾਸ਼ਟਰੀ ਛਵੀ ਇਸ ਕਦਰ ਨੀਵੇਂ ਦਰਜੇ ਦੀ ਸੀ ਕਿ ਇਸਨੂੰ ਸਿਰਫ਼ ਹੋਰ ਦੇਸ਼ਾਂ ਤੋਂ ਕਰਜ਼ਾ ਮੰਗਣ ਵਾਲੇ ਦੇਸ਼ ਦੇ ਰੂਪ ਵਿੱਚ ਹੀ ਦੇਖਿਆ ਜਾਂਦਾ ਸੀ। ਅੰਤਰਰਾਸ਼ਟਰੀ ਪੱਧਰ ‘ਤੇ ਕਈ ਵਾਰ ਭਾਰਤ ਦੀ ਜਾਇਜ਼ ਗੱਲ ਵੀ ਨਹੀਂ ਸੁਣੀ ਜਾਂਦੀ ਸੀ, ਕਿਉਂਕਿ ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰ-ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਤੇ ਚੀਨ ਵਿਚੋਂ ਕੋਈ ਨਾ ਕੋਈ ਦੇਸ਼ ਭਾਰਤ ਵਿਰੁੱਧ ਆਪਣੀ ਵੀਟੋ ਸ਼ਕਤੀ ਵਰਤ ਲੈਂਦਾ ਸੀ ਤੇ ਭਾਰਤ ਨੂੰ ਚੁੱਪਚਾਪ ਸਹਿਣਾ ਪੈਂਦਾ ਸੀ। 
ਸੂਦ ਨੇ ਕਿਹਾ ਕਿ ਜਿਵੇਂ ਇੱਕ ਸਮੇਂ ਭਾਰਤੀ ਲੋਕਾਂ ਦੀ ਪ੍ਰਬਲ ਇੱਛਾ ਸੀ ਕਿ ਭਾਰਤ ਪਰਮਾਣੂ ਸ਼ਕਤੀ ਵਾਲਾ ਦੇਸ਼ ਬਣੇ, ਓਹੋ ਜਿਹੀ ਹੀ ਦਿਲੀ ਇੱਛਾ ਇਹ ਵੀ ਸੀ ਕਿ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣ ਕੇ ਵੀਟੋ ਸ਼ਕਤੀ ਹਾਸਲ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਲ ਕੂਟਨੀਤੀ, ਸੰਪਰਕ ਅਤੇ ਸਬੰਧਾਂ ਨੇ ਇਹ ਹੁਣ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੁਨੀਆ ਦੇ ਵੀਟੋ ਸ਼ਕਤੀ ਵਾਲੇ ਛੇ ਦੇਸ਼ਾਂ ਵਿਚੋਂ ਇੱਕ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੂੰ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਾਉਣ ਲਈ ਕਈ ਕੋਸ਼ਿਸ਼ਾਂ ਹੋਈਆਂ, ਪਰ ਚੀਨ ਜਾਂ ਹੋਰ ਦੇਸ਼ਾਂ ਦੇ ਵਿਰੋਧ ਕਰਕੇ ਸਫਲਤਾ ਨਹੀਂ ਮਿਲੀ ਸੀ। ਪਰ ਮੋਦੀ ਸਰਕਾਰ ਦੇ ਦੌਰਾਨ ਹਾਲ ਹੀ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਭਾਰਤ ਨੂੰ ਸਥਾਈ ਮੈਂਬਰਤਾ ਦੇਣ ਦਾ ਪ੍ਰਸਤਾਵ ਭਾਰੀ ਬਹੁਮਤ ਨਾਲ ਪਾਸ ਹੋਇਆ। ਜਿਸ ਵਿੱਚ 193 ਦੇਸ਼ਾਂ ਵਿੱਚੋਂ 146 ਦੇਸ਼ਾਂ ਨੇ ਭਾਰਤ ਦੇ ਹੱਕ ਵਿੱਚ ਵੋਟ ਪਾਈ। ਸਿਰਫ਼ ਤੁਰਕੀ ਅਤੇ ਕੁਝ ਖਾੜੀ ਦੇਸ਼ਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਸਭ ਤੋਂ ਚੋਖੀ ਗੱਲ ਇਹ ਰਹੀ ਕਿ ਚੀਨ, ਜੋ ਭਾਰਤ ਦਾ ਰਵਾਇਤੀ ਵਿਰੋਧੀ ਮੰਨਿਆ ਜਾਂਦਾ ਹੈ, ਉਸ ਨੇ ਵੀ ਖੁੱਲ੍ਹੇ ਤੌਰ ‘ਤੇ ਭਾਰਤ ਦੇ ਹੱਕ ਵਿੱਚ ਵੋਟ ਪਾਈ ਅਤੇ ਭਾਰਤ ਨੂੰ ਸੰਯੁਕਤ ਰਾਸ਼ਟਰ ਵਿੱਚ ਸਥਾਈ ਮੈਂਬਰਤਾ ਤੇ ਵੀਟੋ ਸ਼ਕਤੀ ਲਈ ਯੋਗ ਮੰਨਿਆ। ਸੂਦ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ਵਜੋਂ ਇਤਿਹਾਸ ਵਿੱਚ ਦਰਜ ਕੀਤੀ ਜਾਵੇਗੀ। ਕਿਉਂਕਿ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਵੀ ਫੈਸਲਾ ਭਾਰਤ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕੇਗਾ।