ਪਟਿਆਲਾ, 4 ਅਕਤੂਬਰ (ਮਨਪ੍ਰੀਤ ਸਿੰਘ):- ਅੱਜ ਬਰੇਟਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਆਜ਼ਾਦ ਨਗਰ, ਸਰਹਿੰਦ ਰੋਡ ਵਿਖੇ ਸ੍ਰੀ ਹਰਬੰਸ ਲਾਲ ਦੇ ਘਰ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸ੍ਰੀ ਹਰਬੰਸ ਲਾਲ ਵੱਲੋਂ ਆਪਣੀ ਮਰਹੂਮ ਪਤਨੀ ਸ੍ਰੀਮਤੀ ਵਿਜੈ ਲਕਸ਼ਮੀ ਦੀ ਯਾਦ ਵਿੱਚ ਲਗਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਲੇਖ ਰਾਜ ਅਤੇ ਉਨ੍ਹਾਂ ਦੇ ਸਾਰੇ ਅਹੁਦੇਦਾਰਾਂ ਨੇ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ। ਕੈਂਪ ਦੀ ਸ਼ੁਰੂਆਤ ਹਰਬੰਸ ਲਾਲ ਦੇ ਬੇਟੇ ਅਖਿਲ ਕੁਮਾਰ ਅਤੇ ਨੂੰਹ ਰੂਪਾ ਸ਼ੁਕਲਾ ਵੱਲੋਂ ਖੂਨਦਾਨ ਕਰਕੇ ਕੀਤੀ ਗਈ।

ਇਸ ਮੌਕੇ ਰੈੱਡ ਏਡ ਬਲੱਡ ਬੈਂਕ, ਖੰਨਾ ਦੀ ਟੀਮ ਦੀ ਨਿਗਰਾਨੀ ਹੇਠ 30 ਯੂਨਿਟ ਖੂਨ ਇਕੱਠਾ ਕੀਤਾ ਗਿਆ।

ਇਸ ਖੂਨਦਾਨ ਕੈਂਪ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤਰਕਸ਼ੀਲਾਂ ਨੇ ਅੰਧਵਿਸ਼ਵਾਸ ਛੱਡ ਕੇ ਵਿਗਿਆਨਕ ਵਿਚਾਰਧਾਰਾ ਅਪਣਾਉਣ ਦਾ ਸੱਦਾ ਦਿੱਤਾ।

ਇਸ ਪ੍ਰੋਗਰਾਮ ਵਿੱਚ ਤਰਕਸ਼ੀਲ ਆਗੂ ਸ੍ਰੀ ਰਾਮ ਕੁਮਾਰ ਢਕੜਬਾ, ਸਨੇਹ ਲਤਾ, ਕੁਲਵੰਤ ਕੌਰ, ਰਾਮ ਸਿੰਘ ਬੰਗ, ਸਰਬਜੀਤ ਉੱਖਲਾ, ਡਾ. ਅਜੈ ਕੁਮਾਰ, ਗੁਰਪੂਰਨਜੀਤ ਸਿੰਘ ਅਤੇ ਥਾਨੇ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਬੋਲਦਿਆਂ ਸ੍ਰੀ ਰਾਮ ਕੁਮਾਰ ਨੇ ਕਿਹਾ ਕਿ ਤਰਕਸ਼ੀਲ ਵਿਚਾਰਧਾਰਾ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ, ਜਿਸ ਨਾਲ ਸਮਾਂ, ਤਾਕਤ ਅਤੇ ਪੈਸਾ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਬੀ ਸ਼ਕਤੀਆਂ ਦੀ ਕੋਈ ਹੋਂਦ ਨਹੀਂ ਹੁੰਦੀ ਅਤੇ ਨਾ ਹੀ ਇਸ ਬ੍ਰਹਿਮੰਡ ਵਿੱਚ ਕੋਈ ਸਵਰਗ-ਨਰਕ ਮੌਜੂਦ ਹੈ, ਜਿੱਥੇ ਕੋਈ ਧਰਮਰਾਜ ਸਭ ਦੇ ਚੰਗੇ-ਮਾੜੇ ਕੰਮਾਂ ਦੇ ਫੈਸਲੇ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਇਹ ਸੰਸਾਰ ਕੁਦਰਤ ਨੇ ਆਪਣੇ ਨਿਯਮਾਂ ਤਹਿਤ ਆਪ ਸਿਰਜਿਆ ਹੈ ਅਤੇ ਇਸ ਦੀ ਸਾਂਭ-ਸੰਭਾਲ ਕਰਨੀ ਹੁਣ ਸਾਡੇ ਸਭ ਦਾ ਫ਼ਰਜ਼ ਹੈ।

ਇਸ ਕੈਂਪ ਦੇ ਸਮਾਪਨ ’ਤੇ ਸ੍ਰੀ ਹਰਬੰਸ ਲਾਲ ਨੇ ਆਪਣੇ ਪਰਿਵਾਰ ਵੱਲੋਂ ਖੂਨਦਾਨ ਕੈਂਪ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦਾ ਪ੍ਰਣ ਲਿਆ।