ਪਟਿਆਲਾ, 4 ਅਕਤੂਬਰ (ਮਨਪ੍ਰੀਤ ਸਿੰਘ):- ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਨੇ ਆਜ਼ਾਦ ਨਗਰ ਵਿਖੇ ਤਰਕਸ਼ੀਲ ਆਗੂ ਸ੍ਰੀ ਹਰਬੰਸ ਲਾਲ ਦੇ ਘਰ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅੰਧਵਿਸ਼ਵਾਸਾਂ ਨੂੰ ਦੂਰ ਕਰਕੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਸਰਗਰਮੀਆਂ ਹੋਰ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਤਰਕਸ਼ੀਲ ਆਗੂ ਸ੍ਰੀ ਰਾਮ ਕੁਮਾਰ ਢਕੜਬਾ ਨੇ ਕੀਤੀ।

ਇਸ ਸਮਾਗਮ ਵਿੱਚ ਤਰਕਸ਼ੀਲ ਆਗੂ ਸ੍ਰੀਮਤੀ ਸਨੇਹ ਲਤਾ, ਕੁਲਵੰਤ ਕੌਰ, ਰਾਮ ਸਿੰਘ ਬੰਗ, ਸਰਬਜੀਤ ਉੱਖਲਾ, ਅਜੈ ਕੁਮਾਰ, ਗੁਰਪੂਰਨਜੀਤ ਸਿੰਘ ਅਤੇ ਥਾਨੇ ਸਿੰਘ ਆਦਿ ਨੇ ਸ਼ਿਰਕਤ ਕੀਤੀ।

ਇਸ ਮੌਕੇ ਸਾਰੇ ਮੈਂਬਰਾਂ ਨੇ ਕੇਂਦਰ ਸਰਕਾਰ ਵੱਲੋਂ ਸਾਲ 2027 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਫਾਰਮਾਂ ਵਿੱਚ ਹੋਰ ਧਰਮਾਂ ਤੋਂ ਇਲਾਵਾ ਨਾਸਤਿਕਾਂ ਲਈ ‘ਕੋਈ ਧਰਮ ਨਹੀਂ’ ਦਾ ਕਾਲਮ ਸ਼ਾਮਲ ਨਾ ਕਰਨ ਤੇ ਨਿਖੇਧੀ ਕੀਤੀ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਫਾਰਮ ਨੰਬਰ 6 ਵਿੱਚ ਨਵੀਆਂ ਵੋਟਾਂ ਬਣਾਉਣ ਲਈ ਮਾਪਿਆਂ ਦੀ ਵੋਟ ਹੋਣ ਦੀ ਬੇਲੋੜੀ ਸ਼ਰਤ ਜੋੜ ਕੇ ਲੱਖਾਂ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਲਈ ਵੀ ਸੁਸਾਇਟੀ ਵੱਲੋਂ ਨਿੰਦਿਆ ਕੀਤੀ ਗਈ।

ਇਸ ਮੀਟਿੰਗ ਵਿੱਚ ਤਲਵੰਡੀ ਸਲੇਮ ਵਿਖੇ ਸ਼ਹੀਦ ਕਵੀ ਪਾਸ਼ ਦੀ ਯਾਦਗਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਿੰਡ ਦੇ ਸਰਪੰਚ ਅਤੇ ਉਸ ਦੇ ਟੋਲੇ ਦੀ ਨਿਖੇਧੀ ਕੀਤੀ ਗਈ ਅਤੇ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ।

ਇਸ ਮੌਕੇ ਜੋਨ ਦੇ ਮੀਡੀਆ ਮੁਖੀ ਰਾਮ ਸਿੰਘ ਬੰਗ ਨੇ ਦੱਸਿਆ ਕਿ ਸੁਸਾਇਟੀ ਪਟਿਆਲਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਸੰਘਰਸ਼ ਸਬੰਧੀ 700 ਦੇ ਕਰੀਬ ਪਰਚੇ ਲੋਕਾਂ ਵਿੱਚ ਵੰਡੇ ਅਤੇ ਪਟਿਆਲਾ ਦੇ ਸਕੂਲਾਂ ਵਿੱਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲੈਣ ਤੋਂ ਪਹਿਲਾਂ ਤਰਕਸ਼ੀਲ ਪ੍ਰੋਗਰਾਮ ਕਰਨ ਲਈ ਵੀ ਕਾਰਕੁਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।