ਪਟਿਆਲਾ, 4 ਅਗਸਤ:- ਅੰਤਰਰਾਸ਼ਟਰੀ ਸਕਾਰਫ਼ ਦਿਵਸ ਦੇ ਮੌਕੇ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਰਾਣੀ ਪੁਲਿਸ ਲਾਈਨ ਅਤੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਕਾਊਟ-ਗਾਈਡ, ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਨੂੰ ਸਕਾਰਫ਼ ਜਾਂ ਤਿਕੋਣੀ ਪੱਟੀ ਦੀ ਮਹੱਤਤਾ ਅਤੇ ਇਸ ਦੀ ਐਮਰਜੈਂਸੀ ਸਮੇਂ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਭਾਰਤ ਸਕਾਊਟ ਐਂਡ ਗਾਈਡ ਦੀ ਟ੍ਰੇਨਿੰਗ ਕਮਿਸ਼ਨਰ ਸ੍ਰੀਮਤੀ ਰਾਵਿੰਦਰ ਕੌਰ ਸਿੱਧੂ ਅਤੇ ਰੈੱਡ ਕਰਾਸ ਸੁਸਾਇਟੀ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਸਕਾਊਟ-ਗਾਈਡ, ਜੂਨੀਅਰ ਅਤੇ ਯੂਥ ਰੈੱਡ ਕਰਾਸ, ਫੌਜ, ਐਨ.ਡੀ.ਆਰ.ਐੱਫ., ਡਾਕਟਰਾਂ ਅਤੇ ਨਰਸਾਂ ਲਈ ਸਕਾਰਫ਼ ਜਾਂ ਤਿਕੋਣੀ ਪੱਟੀ ਐਮਰਜੈਂਸੀ ਦੌਰਾਨ ਜਾਨਾਂ ਬਚਾਉਣ, ਜ਼ਖ਼ਮੀਆਂ ਦਾ ਖੂਨ ਰੋਕਣ, ਸਿਰ ਨੂੰ ਢੱਕਣ, ਟੁੱਟੇ ਹੋਏ ਅੰਗ ਨੂੰ ਸਹਾਰਾ ਦੇਣ, ਅਸਥਾਈ ਸਟਰੈਚਰ ਤਿਆਰ ਕਰਨ ਅਤੇ ਗੈਸ, ਧੂੰਏਂ, ਪਾਣੀ ਜਾਂ ਮਲਬੇ ਵਿੱਚ ਫਸੇ ਪੀੜਤਾਂ ਨੂੰ ਸੁਰੱਖਿਅਤ ਬਚਾਉਣ ਲਈ ਬਹੁਤ ਹੀ ਮਹੱਤਵਪੂਰਨ ਸਹਾਇਕ ਸਾਬਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਕਾਊਟ-ਗਾਈਡ ਅੰਦੋਲਨ ਦੇ ਸੰਸਥਾਪਕ ਇੰਗਲੈਂਡ ਦੇ ਲੈਫਟੀਨੈਂਟ ਜਨਰਲ ਲਾਰਡ ਬੈਡਨ ਪਾਵਲ ਵੱਲੋਂ ਸਕਾਰਫ਼ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਸੀ, ਜਦਕਿ ਸਵਿਸ ਸਰਜਨ ਡਾ. ਮਥਿਆਸ ਮੇਅਰ ਅਤੇ ਡਾ. ਫ਼ਰੈਡਰਿਕ ਐਸਮਾਰਕ ਨੇ ਜੰਗਾਂ, ਕੁਦਰਤੀ ਆਫ਼ਤਾਂ ਅਤੇ ਹਾਦਸਿਆਂ ਦੌਰਾਨ ਤਿਕੋਣੀ ਪੱਟੀ ਦੀ ਵਰਤੋਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਇਆ।
ਉਨ੍ਹਾਂ ਕਿਹਾ ਕਿ ਰੁਮਾਲ, ਪੱਗ, ਚੁੰਨੀ, ਪਟਕਾ, ਸਾੜੀ, ਕਮੀਜ਼ ਜਾਂ ਧੋਤੀ ਵਰਗੇ ਕੱਪੜਿਆਂ ਨੂੰ ਵੀ ਤਿਕੋਣੀ ਪੱਟੀ ਵਜੋਂ ਵਰਤ ਕੇ ਜ਼ਖ਼ਮੀਆਂ ਦਾ ਖੂਨ ਰੋਕਿਆ ਜਾ ਸਕਦਾ ਹੈ, ਟੁੱਟੇ ਅੰਗ ਨੂੰ ਸਥਿਰ ਕੀਤਾ ਜਾ ਸਕਦਾ ਹੈ, ਗੈਸ, ਧੂੰਏਂ, ਪਾਣੀ ਜਾਂ ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਅਸਥਾਈ ਸਟਰੈਚਰ ਵੀ ਤਿਆਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਸਟੇਟ ਐਵਾਰਡੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅੰਟਾਲ ਸਮੇਤ ਅਧਿਆਪਕਾਂ ਨੇ ਰਾਵਿੰਦਰ ਕੌਰ ਸਿੱਧੂ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਐਨ.ਐਸ.ਐਸ., ਐਨ.ਸੀ.ਸੀ., ਸਕਾਊਟ-ਗਾਈਡ, ਜੂਨੀਅਰ ਅਤੇ ਯੂਥ ਰੈੱਡ ਕਰਾਸ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਸਮਾਜ ਸੇਵੀ ਵਲੰਟੀਅਰਾਂ ਨੂੰ ਜੀਵਨ ਰੱਖਿਆ ਸਬੰਧੀ ਸਿਖਲਾਈ ਦੇਣ ਲਈ ਨਿਯਮਿਤ ਟ੍ਰੇਨਿੰਗ ਕੈਂਪ ਲਗਾਉਣ ਸਮੇਂ ਦੀ ਲੋੜ ਹੈ, ਤਾਂ ਜੋ ਐਮਰਜੈਂਸੀ ਸਥਿਤੀਆਂ ਵਿੱਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ।