ਹੁਸ਼ਿਆਰਪੁਰ:- ਸਿਹਤ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐੱਸ.ਕੇ.) ਤਹਿਤ ਬਲਾਕ ਪਾਲਦੀ ਦੀ ਆਰ.ਬੀ.ਐੱਸ.ਕੇ. ਟੀਮ ਵੱਲੋਂ ਕੀਤੀ ਗਈ ਸਮੇਂ ਸਿਰ ਪਛਾਣ ਅਤੇ ਸਹੀ ਰੈਫਰਲ ਸਦਕਾ ਜਮਾਂਦਰੂ ਦਿਲ ਦੀ ਬਿਮਾਰੀ (Congenital Heart Disease–CHD) ਨਾਲ ਪੀੜਤ ਇੱਕ 5 ਸਾਲਾ ਬੱਚੇ ਦਾ ਸਫਲ ਅਤੇ ਪੂਰੀ ਤਰ੍ਹਾਂ ਮੁਫ਼ਤ ਇਲਾਜ ਸੰਭਵ ਹੋਇਆ ਹੈ। ਇਹ ਸਫਲਤਾ ਦਰਸਾਉਂਦੀ ਹੈ ਕਿ ਨਿਯਮਿਤ ਸਿਹਤ ਜਾਂਚ, ਸਮੇਂ ਸਿਰ ਪਛਾਣ ਅਤੇ ਉਚਿਤ ਰੈਫਰਲ ਨਾਲ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਬਲਾਕ ਪਾਲਦੀ ਦੀ ਆਰ.ਬੀ.ਐੱਸ.ਕੇ. ਟੀਮ ਵੱਲੋਂ ਪਿੰਡ ਮੈਲੀ ਦੇ ਆਂਗਣਵਾੜੀ ਕੇਂਦਰ ਵਿੱਚ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਦੌਰਾਨ 5 ਸਾਲਾ ਲਖਵਿੰਦਰ ਸਿੰਘ, ਪੁੱਤਰ ਹੁਸ਼ਿਆਰ ਸਿੰਘ ਅਤੇ ਮਾਤਾ ਅਨੁਰਾਧਾ ਵਿੱਚ ਸੀ.ਐੱਚ.ਡੀ. ਦੀ ਸਮੱਸਿਆ ਦੀ ਪਛਾਣ ਕੀਤੀ ਗਈ। ਬੱਚੇ ਨੂੰ ਅਗਲੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੋਂ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ। ਪੀ.ਜੀ.ਆਈ. ਵਿੱਚ ਆਰ.ਬੀ.ਐੱਸ.ਕੇ. ਸਕੀਮ ਅਧੀਨ ਬੱਚੇ ਦਾ ਸਫਲ ਆਪ੍ਰੇਸ਼ਨ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ। ਇਲਾਜ ਤੋਂ ਬਾਅਦ ਬੱਚੇ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ ਅਤੇ ਉਹ ਹੁਣ ਸਿਹਤਮੰਦ ਜੀਵਨ ਬਤੀਤ ਕਰ ਰਿਹਾ ਹੈ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਤਹਿਤ ਜਨਮ ਤੋਂ 18 ਸਾਲ ਤੱਕ ਦੇ ਬੱਚਿਆਂ ਵਿੱਚ ਜਨਮਜਾਤ ਨੁਕਸ, ਬਿਮਾਰੀਆਂ, ਪੋਸ਼ਣ ਸੰਬੰਧੀ ਕਮੀਆਂ ਅਤੇ ਵਿਕਾਸ ਸੰਬੰਧੀ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਮਾਹਿਰ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਲੋੜਵੰਦ ਬੱਚਿਆਂ ਦੇ ਮਹਿੰਗੇ ਆਪ੍ਰੇਸ਼ਨ ਅਤੇ ਇਲਾਜ ਦਾ ਖ਼ਰਚਾ ਵੀ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਕਿਸੇ ਵੀ ਬਿਮਾਰੀ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਯਕੀਨੀ ਬਣਾਇਆ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਆਰ.ਬੀ.ਐੱਸ.ਕੇ. ਤਹਿਤ ਕੀਤੀ ਜਾਣ ਵਾਲੀ ਨਿਯਮਿਤ ਸਕ੍ਰੀਨਿੰਗ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਐੱਚ.ਡੀ. ਸਮੇਤ ਹੋਰ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਲੋੜਵੰਦ ਬੱਚਿਆਂ ਨੂੰ ਉੱਚ ਸਿਹਤ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਆਰ.ਬੀ.ਐੱਸ.ਕੇ. ਤਹਿਤ ਬਿਨਾਂ ਕਿਸੇ ਵਿੱਤੀ ਬੋਝ ਦੇ ਕਰਵਾਇਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਨਿਯਮਿਤ ਸਿਹਤ ਜਾਂਚ ਜ਼ਰੂਰ ਕਰਵਾਉਣ ਅਤੇ ਆਰ.ਬੀ.ਐੱਸ.ਕੇ. ਟੀਮ ਨਾਲ ਪੂਰਾ ਸਹਿਯੋਗ ਕਰਨ।
ਇਸ ਸਫਲਤਾ ਵਿੱਚ ਬਲਾਕ ਪਾਲਦੀ ਦੀ ਆਰ.ਬੀ.ਐੱਸ.ਕੇ. ਟੀਮ ਦੀਆਂ ਡਾ. ਸ਼ਮਿੰਦਰਜੀਤ ਕੌਰ, ਡਾ. ਵਿਕਰਮਜੀਤ, ਡਾ. ਸਵਿਤਾ ਅਤੇ ਫਾਰਮਾਸਿਸਟ ਦਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਿਹਤ ਵਿਭਾਗ ਨੇ ਟੀਮ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਫਲਤਾ ਕਹਾਣੀਆਂ ਨਾ ਸਿਰਫ਼ ਆਰ.ਬੀ.ਐੱਸ.ਕੇ. ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀਆਂ ਹਨ, ਸਗੋਂ ਹੋਰ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਸਮੇਂ ਸਿਰ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਦੀਆਂ ਹਨ।
