ਚੰਡੀਗੜ੍ਹ:- ਵਿਸ਼ਵਵਿਆਪੀ ਹਾਲਾਤ ਤੇ ਸਪਲਾਈ ਚੇਨ 'ਤੇ ਪੈ ਰਹੇ ਅਸਰ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਵਾਰ ਫਿਰ 'ਸੰਕਟਮੋਚਕ' ਬਣ ਕੇ ਸਾਹਮਣੇ ਆਵੇਗਾ ਅਤੇ ਸੂਬੇ ਦੇ ਗੋਦਾਮਾਂ 'ਚ ਪਈ ਕਣਕ ਤੇ ਚੌਲ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਤਿਆਰ ਹੈ। ਇਸ ਦੇ ਲਈ ਜੇਕਰ ਲੋੜ ਪਵੇ ਤਾਂ ਕੇਂਦਰ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਵੇ।
ਸੀਐਮ ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਵਰਚੁਅਲ ਬੈਠਕ ਹੋਈ ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਪੰਜਾਬ ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਕਿ ਸੂਬੇ ਕੋਲ ਲੋੜੀਂਦਾ ਅਨਾਜ ਭੰਡਾਰ ਹੈ ਅਤੇ ਇਸ ਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਨਵੀਂ ਫ਼ਸਲ ਦੀ ਖਰੀਦ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਰੀਬ 171 ਲੱਖ ਮੀਟ੍ਰਿਕ ਟਨ ਕਣਕ ਅਤੇ 139 ਲੱਖ ਮੀਟ੍ਰਿਕ ਟਨ ਚੌਲਾਂ ਦਾ ਸਟਾਕ ਮੌਜੂਦ ਹੈ, ਜਿਸ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਦੇਸ਼ ਭਰ ਵਿਚ ਭੇਜਿਆ ਜਾ ਸਕਦਾ ਹੈ। ਸੀਐਮ ਨੇ ਜ਼ੋਰ ਦੇ ਕੇ ਕਿਹਾ ਕਿ ਸਪੈਸ਼ਲ ਟ੍ਰੇਨਾਂ ਰਾਹੀਂ ਤੇਜ਼ੀ ਨਾਲ ਚੁਕਾਈ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਨਵੀਂ ਫ਼ਸਲ ਮੰਡੀਆਂ ਵਿੱਚ ਪਹੁੰਚੇਗੀ।
ਪੰਜਾਬ ਸੰਕਟਮੋਚਕ ਬਣਨ ਲਈ ਤਿਆਰ ਦੇਸ਼ਭਰ ਚ ਭੇਜੇਗਾ ਅਨਾਜ ਮਾਨ
