ਹੁਸ਼ਿਆਰਪੁਰ- ਆਪਣੇ ਅਜ਼ੀਜ਼ਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਉਹਨਾਂ ਦੀ ਬਰਸੀ ਮੌਕੇ ਸਵੈ-ਇੱਛਾ ਨਾਲ ਖੂਨਦਾਨ ਕੈਂਪ ਲਗਾਉਣਾ ਬਹੁਤ ਹੀ ਵਧੀਆ ਰੁਝਾਨ ਹੈ, ਜਿਸ ਨਾਲ ਉਹਨਾਂ ਦੀ ਯਾਦ ਨੂੰ ਖੂਬਸੂਰਤ ਤਰੀਕੇ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਇਹ ਪ੍ਰਗਟਾਵਾ ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜਨ ਅਤੇ ਇਮਊਨੋ ਹੇਮੇਟਾਲਜੀ (ਆਈ.ਐਸ.ਬੀ.ਟੀ.ਆਈ.) ਦੀ ਪੰਜਾਬ ਚੈਪਟਰ ਦੇ ਪੈਟਰਨ ਡਾ.ਅਜੈ ਬੱਗਾ ਨੇ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਪਣੇ ਵਿਛੜੇ ਪਿਆਰਿਆਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਉਣ ਦਾ ਰੁਝਾਨ ਦਿਨ ਪ੍ਰਤੀ ਦਿਨ ਵਧ ਰਿਹਾ ਹੈ।  
ਡਾ. ਬੱਗਾ ਨੇ ਦੱਸਿਆ ਕਿ 24 ਅਕਤੂਬਰ ਨੂੰ ਪਿੰਡ ਡੰਗੋਰੀ ਬੀਤ ਵਿਖੇ ਚੌਧਰੀ ਰਾਮ ਨਾਥ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਉਹਨਾਂ ਦੇ ਸਪੁੱਤਰ ਤਰਲੋਚਨ ਚੇਚੀ ਵਲੋਂ ਲਗਵਾਇਆ ਗਿਆ। ਇਸ ਕੈਂਪ ਵਿੱਚ 55 ਲੋਕਾਂ ਨੇ ਖੂਨਦਾਨ ਕੀਤਾ ਜਿਹਨਾਂ ਵਿੱਚ ਸਵ: ਚੌਧਰੀ ਰਾਮ ਨਾਥ ਦੇ ਸਪੁੱਤਰ ਤਰਲੋਚਨ ਚੇਚੀ ਉਹਨਾਂ ਦੀ ਪੋਤੀ ਰੋਹਾਨੀ ਚੌਧਰੀ ਅਤੇ ਪੋਤੇ ਪੁਸ਼ਪ ਚੇਚੀ ਨੇ ਵੀ ਖੂਨਦਾਨ ਕੀਤਾ।
 ਇਸੇ ਤਰ੍ਹਾਂ ਪਿਛਲੇ ਮਹੀਨੇ ਗੜ੍ਹਸ਼ੰਕਰ ਵਿਖੇ ਕਮਿਊਨਿਸਟ ਆਗੂ ਦਰਸ਼ਨ ਸਿੰਘ ਮੱਟੂ ਨੇ ਆਪਣੇ ਸਵ: ਪੁੱਤਰ ਕਾਕਾ ਅਮਨਦੀਪ ਸਿੰਘ ਮੱਟੂ ਅਤੇ ਅਣਪਛਾਤੀਆਂ ਮ੍ਰਿਤਕ ਦੇਹਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ 73 ਵਿਅਕਤੀਆਂ ਨੇ ਖੂਨਦਾਨ ਕੀਤਾ। ਮਹਿਲ ਗਹਿਲਾਂ ਵਿੱਚ ਸਥਾਨ ਡੇਰਾ ਬਾਬਾ ਮੰਗਲ ਦਾਸ ਜੀ ਵਿਖੇ 16 ਅਕਤੂਬਰ ਨੂੰ ਦਾਰਾ ਸਾਊਂਡ ਦੇ ਸਵ: ਬਲਵਿੰਦਰ ਪਾਲ ਦੀ ਪਹਿਲੀ ਬਰਸੀ ਤੇ ਉਹਨਾਂ ਦੇ ਪੁੱਤਰਾਂ ਵਲੋਂ ਖੂਨਦਾਨ ਕੈਂਪ ਲਗਵਾਇਆ ਗਿਆ ਜਿਸ ਦਾ ਉਦਘਾਟਨ ਸਵ: ਬਲਵਿੰਦਰ ਪਾਲ ਦੀ ਧਰਮ ਪਤਨੀ ਨੇ ਖੁਦ ਕੀਤਾ। ਇਸ ਕੈਂਪ ਵਿੱਚ 51 ਖੂਨਦਾਨੀਆਂ ਨੇ ਖੂਨਦਾਨ ਕੀਤਾ। 
ਇਸੇ ਤਰ੍ਹਾਂ ਕਾਕਾ ਚਿਰਾਗ ਸੋਨੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਉਹਨਾਂ ਦੇ ਭਰਾ ਚਾਹਤ ਸੋਨੀ ਅਤੇ ਸੋਨੀ ਪਰਿਵਾਰ ਵਲੋਂ ਲਗਾਇਆ ਗਿਆ। ਇਸ ਕੈਂਪ ਵਿੱਚ 35 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ। ਦੋਆਬੇ ਦੀ ਧਰਤੀ ਤੇ ਖੂਨਦਾਨ ਲਹਿਰ ਵਿੱਚ ਪਿਛਲੇ 40 ਸਾਲਾਂ ਤੋਂ ਮੋਢੀ ਰੋਲ ਨਿਭਾ ਰਹੇ ਗੁਰਿੰਦਰ ਸਿੰਘ ਤੂਰ ਅਤੇ ਪ੍ਰੋ. ਜੇ.ਐਸ.ਗਿੱਦਾ ਨੇ ਆਪਣੇ ਅਜ਼ੀਜ਼ਾਂ ਦੀ ਬਰਸੀ ਤੇ ਖੂਨਦਾਨ ਕੈਂਪ ਲਗਵਾਉਣ ਦੇ ਰੁਝਾਨ ਦਾ ਸਵਾਗਤ ਕਰਦਿਆਂ ਆਖਿਆ ਕਿ ਲੋਕਾਂ ਨੂੰ ਆਪਣੇ ਜਨਮ ਦਿਨ ਅਤੇ ਵਿਆਹ ਦੀ ਵਰੇਗੰਢ ਤੇ ਵੀ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ।
ਖੂਨਦਾਨ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ 103 ਵਾਰ ਖੁਦ ਖੂਨਦਾਨ ਕਰ ਚੁੱਕੇ ਡਾ. ਅਜੇ ਬੱਗਾ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਤੇ ਉਹਨਾਂ ਪਰਿਵਾਰਾਂ ਨੂੰ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਆਪਣੇ ਅਜ਼ੀਜ਼ਾਂ ਦੀ ਬਰਸੀ ਤੇ, ਆਪਣੇ ਜਨਮ ਦਿਨ ਤੇ ਅਤੇ ਆਪਣੇ ਵਿਆਹ ਦੀ ਵਰੇਗੰਡ ਤੇ ਖੂਨਦਾਨ ਕੈਂਪ ਲਗਵਾਉਂਦੇ ਹਨ। 
ਇਹਨਾਂ ਪਰਿਵਾਰਾਂ ਨੂੰ ਸਨਮਾਨ ਕਰਨ ਦਾ ਮੰਤਵ ਖੂਨਦਾਨ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਹੋਰ ਸਖਸ਼ੀਅਤਾਂ ਨੂੰ ਅਜਿਹਾ ਕਰਨ ਲਈ ਉਤਸਾਹਿਤ ਕਰਨਾ ਹੈ। ਡਾ. ਬੱਗਾ ਨੇ ਕਿਹਾ ਕਿ ਹਸਪਤਾਲਾਂ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿੱਚ ਜਿੱਥੇ ਖੂਨਦਾਨੀ ਮਦਦ ਕਰਦੇ ਹਨ ਉੱਥੇ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ।