ਪਟਿਆਲਾ, 16 ਸਤੰਬਰ:- ਦੁਨੀਆਂ ਵਿੱਚ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਟ੍ਰੇਨਿੰਗਾਂ ਲੈ ਕੇ ਲੱਖਾਂ ਵਲੰਟੀਅਰਾਂ ਵੱਲੋਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ ਕਿਉਂਕਿ ਸੰਕਟ, ਹਾਦਸਿਆਂ ਅਤੇ ਦੁਰਘਟਨਾਵਾਂ ਸਮੇਂ ਪੀੜਤਾਂ ਨੂੰ ਪਹਿਲੇ 10 ਮਿੰਟਾਂ ਵਿੱਚ ਮੌਕੇ ’ਤੇ ਠੀਕ ਫਸਟ ਏਡ ਕਰਕੇ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀਆਂ ਅੱਗਾਂ, ਧੂੰਏਂ ਸਮੇਂ ਪੀੜਤਾਂ ਨੂੰ ਰੈਸਕਿਊ, ਟਰਾਂਸਪੋਰਟ ਕਰਕੇ ਅਤੇ ਅੱਗਾਂ ਬੁਝਾ ਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਇਆ ਜਾ ਸਕਦਾ ਹੈ।
ਇਹ ਵਿਚਾਰ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਿਕਾਸ ਗੋਇਲ ਅਤੇ ਸੀਐਮਓ ਨੇ ਸਿਖਿਅਤ ਵਿਦਿਆਰਥੀਆਂ ਨੂੰ ਪੀੜਤਾਂ ਦੀ ਸਹਾਇਤਾ ਕਰਨ, ਆਪਣੀ ਡਿਊਟੀ ਇਮਾਨਦਾਰੀ, ਵਫ਼ਾਦਾਰੀ ਨਾਲ ਕਰਨ ਲਈ ਉਤਸ਼ਾਹਿਤ ਕਰਦਿਆਂ ਪ੍ਰਸੰਸਾ ਪੱਤਰ ਦਿੰਦੇ ਹੋਏ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਪ੍ਰਗਟ ਕੀਤੇ।
ਟ੍ਰੇਨਿੰਗ ਲੈਣ ਵਾਲੀਆਂ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਕੂਲ ਵਿਖੇ ਮਾਪਿਆਂ ਤੋਂ ਵੱਧ ਪਿਆਰ, ਸਤਿਕਾਰ, ਉਤਸ਼ਾਹ ਅਤੇ ਗਿਆਨ ਟ੍ਰੇਨਿੰਗਾਂ ਮਿਲੀਆਂ ਹਨ।
ਉਨ੍ਹਾਂ ਵੱਲੋਂ ਮਰੀਜ਼ਾਂ ਦੀ ਦੇਖਭਾਲ ਅਤੇ ਆਮ ਲੋਕਾਂ ਨੂੰ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਅ, ਮਦਦ, ਭਾਈਚਾਰੇ, ਸਹਿਣਸ਼ੀਲਤਾ, ਨਿਮਰਤਾ, ਸਬਰ ਅਤੇ ਸ਼ਾਂਤੀ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।