ਨਵਾਂਸ਼ਹਿਰ, 23 ਜੂਨ:- ਬੱਚਿਆਂ ਨੂੰ ਪੋਲੀਓ ਵਰਗੀ ਗੰਭੀਰ ਅਤੇ ਅਪਾਹਜਤਾ ਪੈਦਾ ਕਰਨ ਵਾਲੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ 28 ਤੋਂ 30 ਜੂਨ 2026 ਤੱਕ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਪੂਰੀ ਤਨਦੇਹੀ ਨਾਲ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 0 ਤੋਂ 5 ਸਾਲ ਉਮਰ ਵਰਗ ਦੇ 56,421 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲਸ ਪੋਲੀਓ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਸਿਹਤ ਵਿਭਾਗ ਅਤੇ ਹੋਰ ਸਾਰੇ ਭਾਈਵਾਲ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਸੀ ਤਾਲਮੇਲ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੀਓ ਖ਼ਿਲਾਫ਼ ਇਸ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਹਰ ਮਾਪੇ ਆਪਣੇ ਬੱਚੇ ਨੂੰ ਪੋਲੀਓ ਬੂਥ ਤੱਕ ਲੈ ਕੇ ਆਵੇ।
ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਜ਼ਿਲ੍ਹੇ ਭਰ ਵਿੱਚ 226 ਪੋਲੀਓ ਬੂਥ ਸਥਾਪਿਤ ਕੀਤੇ ਜਾਣਗੇ, ਜਿੱਥੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਤੋਂ ਬਾਅਦ 29 ਅਤੇ 30 ਜੂਨ ਨੂੰ 451 ਘਰ-ਘਰ ਜਾਣ ਵਾਲੀਆਂ ਟੀਮਾਂ ਉਨ੍ਹਾਂ ਬੱਚਿਆਂ ਤੱਕ ਪਹੁੰਚਣਗੀਆਂ, ਜੋ ਪਹਿਲੇ ਦਿਨ ਬੂਥਾਂ ਤੱਕ ਨਹੀਂ ਪਹੁੰਚ ਸਕੇ।
ਇਸ ਤੋਂ ਇਲਾਵਾ 16 ਟ੍ਰਾਂਜ਼ਿਟ ਟੀਮਾਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਤਾਇਨਾਤ ਰਹਿਣਗੀਆਂ, ਜਦਕਿ 7 ਮੋਬਾਈਲ ਟੀਮਾਂ ਝੁੱਗੀ-ਝੌਂਪੜੀਆਂ, ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਹਿੰਮ ਦੀ ਨਿਗਰਾਨੀ ਲਈ 45 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ 1,38,015 ਘਰਾਂ, 18 ਅਨਾਜ ਮੰਡੀਆਂ, 13 ਫੈਕਟਰੀਆਂ, 55 ਇੱਟਾਂ ਦੇ ਭੱਠਿਆਂ ਅਤੇ 81 ਉੱਚ ਜੋਖਮ ਵਾਲੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਪਿਛਲੇ 15 ਸਾਲਾਂ ਤੋਂ ਪੋਲੀਓ ਮੁਕਤ ਹੈ, ਪਰ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਪੋਲੀਓ ਵਾਇਰਸ ਦੀ ਮੌਜੂਦਗੀ ਕਾਰਨ ਲਗਾਤਾਰ ਸਾਵਧਾਨੀ ਅਤੇ ਨਿਯਮਿਤ ਟੀਕਾਕਰਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਉਣ ਅਤੇ ਇਸ ਰਾਸ਼ਟਰੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
