ਹੁਸ਼ਿਆਰਪੁਰ:- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਸੋਨਾਲੀਕਾ ਇੰਟਰਨੈਸ਼ਨਲ ਟ੍ਰੈਕਟਰ ਲਿਮਿਟਿਡ, ਨਸਰਾਲਾ ਵਿਖੇ ਨੈਸ਼ਨਲ ਨੋ ਸਮੋਕਿੰਗ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਫੈਕਟਰੀ ਮੈਨੇਜਰ ਸ੍ਰੀ ਰਜਨੀਸ਼ ਸਦਲ ਅਤੇ ਡਾ. ਨਿਤੇਸ਼ (ਮੈਡੀਕਲ ਅਫ਼ਸਰ ਇੰਚਾਰਜ) ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਵਿਸ਼ੇਸ਼ ਤੌਰ ’ਤੇ ਹਾਜ਼ਿਰ ਹੋਏ।
 ਉਨ੍ਹਾਂ ਦੇ ਨਾਲ ਮੈਡੀਕਲ ਅਫ਼ਸਰ ਇੰਚਾਰਜ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਡਾ. ਜਸਲੀਨ ਕੌਰ, ਕਾਉਂਸਲਰ ਪ੍ਰਸ਼ਾਂਤ ਆਦਿਆ, ਸੰਦੀਪ ਕੁਮਾਰੀ, ਤਹਿਰੀਨ ਬਸਰਾ (ਫੈਲੋ) ਅਤੇ ਡਾ. ਸ਼ਿਪਰਾ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਣਾ ਬਹੁਤ ਜਰੂਰੀ ਹੈ ਕਿਉਂਕਿ ਇਹ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਇਸਤੇਮਾਲ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਹ ਸੰਬੰਧੀ ਬਿਮਾਰੀਆਂ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। 
ਤੰਬਾਕੂ ਸਿਰਫ਼ ਵਰਤਣ ਵਾਲੇ ਵਿਅਕਤੀ ਨੂੰ ਹੀ ਨਹੀਂ ਸਗੋਂ ਉਸਦੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਮੁੜ ਸਮਾਜ ਵਿੱਚ ਸਥਾਪਿਤ ਕਰਨ ਲਈ ਵੱਖ-ਵੱਖ ਸਰਟੀਫਿਕੇਟ ਅਤੇ ਵੋਕੇਸ਼ਨਲ ਕਿੱਤਾਮੁੱਖੀ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ ਅਤੇ ਸਵੈ-ਨਿਰਭਰ ਜੀਵਨ ਬਤੀਤ ਕਰ ਸਕਣ। 
ਡਾ. ਸਵਾਤੀ ਨੇ ਇਹ ਵੀ ਦੱਸਿਆ ਕਿ ਸਿਹਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਨਸ਼ਾ ਛੁਡਾਉਣ ਅਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਲਈ ਟੈਲੀ-ਮਨਾਸ ਹੈਲਪਲਾਈਨ ਨੰਬਰ 14416 ਉਪਲਬਧ ਕਰਵਾਇਆ ਗਿਆ ਹੈ। ਇਸ ਨੰਬਰ ’ਤੇ ਸੰਪਰਕ ਕਰਕੇ ਲੋਕ ਮਾਹਿਰਾਂ ਤੋਂ ਆਨਲਾਈਨ ਕਾਉਂਸਲਿੰਗ ਅਤੇ ਸਲਾਹ ਲੈ ਸਕਦੇ ਹਨ।