ਹੁਸ਼ਿਆਰਪੁਰ:- ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਿਚਕਾਰ ਕਾਲਜ ਦੇ ਕਮਿਊਨਿਟੀ ਐਂਗੇਜਮੈਂਟ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਇੱਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) 'ਤੇ ਹਸਤਾਖਰ ਕੀਤੇ ਗਏ। ਇਸ ਭਾਈਵਾਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੇਤਰਦਾਨ, ਅੰਗਦਾਨ ਅਤੇ ਸਮਾਜ ਸੇਵਾ ਨਾਲ ਸਬੰਧਤ ਗਤੀਵਿਧੀਆਂ ਨਾਲ ਜੋੜਦਿਆਂ ਨੌਜਵਾਨਾਂ ਰਾਹੀਂ ਜਨ-ਜਾਗਰੂਕਤਾ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
ਐਮ.ਓ.ਯੂ. ਤਹਿਤ ਕਾਲਜ ਦੇ ਵਿਦਿਆਰਥੀ ਨੇਤਰਦਾਨ ਜਾਗਰੂਕਤਾ ਮੁਹਿੰਮਾਂ, ਕਮਿਊਨਿਟੀ ਸਰਵੇਖਣਾਂ, ਪਿੰਡ ਪੱਧਰੀ ਜਾਗਰੂਕਤਾ ਪ੍ਰੋਗਰਾਮਾਂ, ਸੋਸ਼ਲ ਮੀਡੀਆ ਮੁਹਿੰਮਾਂ, ਸੈਮੀਨਾਰਾਂ ਅਤੇ ਹੋਰ ਸਮਾਜ ਸੇਵਾ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ। ਇਸ ਪਹਿਲ ਦਾ ਉਦੇਸ਼ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜਨਾ ਹੈ।
ਐਮ.ਓ.ਯੂ. ਹਸਤਾਖਰ ਸਮਾਰੋਹ ਦੌਰਾਨ ਪ੍ਰੋਫੈਸਰ ਬਹਾਦੁਰ ਸਿੰਘ ਸੁਨੇਤ (ਚੇਅਰਪਰਸਨ), ਨੇਤਰਦਾਨ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਚੰਦ ਕਪਤੀਆ, ਸਰਕਾਰੀ ਕਾਲਜ ਦੀ ਪ੍ਰਿੰਸੀਪਲ ਸਵਿਤਾ ਗੁਪਤਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਰੰਜਨਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਪ੍ਰੇਮ ਸੈਣੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੇਤਰਦਾਨ ਅਤੇ ਅੰਗਦਾਨ ਪ੍ਰਤੀ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਨੇਤਰਦਾਨ ਐਸੋਸੀਏਸ਼ਨ ਦੇ ਪਬਲਿਕ ਰਿਲੇਸ਼ਨ ਸਕੱਤਰ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਇੱਕ ਮਜ਼ਬੂਤ ਮੰਚ ਸਾਬਤ ਹੋਵੇਗੀ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਰਾਹੀਂ ਨੇਤਰਦਾਨ ਜਾਗਰੂਕਤਾ ਮੁਹਿੰਮ ਨੂੰ ਨਵੀਆਂ ਉੱਚਾਈਆਂ ਮਿਲਣਗੀਆਂ।
ਸਮਾਗਮ ਦੌਰਾਨ ਗੁਰਪ੍ਰੀਤ ਸਿੰਘ, ਓਂਕਾਰ ਸਿੰਘ ਧਾਮੀ, ਤਜਿੰਦਰ ਕੌਰ, ਸੰਤੋਸ਼ ਸੈਣੀ, ਲਖਵਿੰਦਰ ਕੌਰ ਡਿੰਪੀ ਅਤੇ ਕੁਮ ਕੁਮ ਸੂਦ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਬੁਲਾਰਿਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਭਾਈਵਾਲੀ ਨੇਤਰਦਾਨ ਅਤੇ ਅੰਗਦਾਨ ਪ੍ਰਤੀ ਜਨ-ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
