ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਾਲ 2025 ਭਾਰਤ ਲਈ ਮਾਣਮੱਤੀਆਂ ਪ੍ਰਾਪਤੀਆਂ ਦਾ ਸਾਲ ਰਿਹਾ ਹੈ। ਉਨ੍ਹਾਂ ਨੇ 'ਅਪਰੇਸ਼ਨ ਸਿੰਧੂਰ' ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ ਹੈ ਅਤੇ ਇਸ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਦੇਸ਼ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦਾ।
ਸਾਲ 2025 ਦੇ ਆਪਣੇ ਆਖਰੀ 'ਮਨ ਕੀ ਬਾਤ' ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਬੀਤੇ ਸਾਲ ਦੌਰਾਨ ਭਾਰਤ ਦਾ ਪ੍ਰਭਾਵ ਹਰ ਪਾਸੇ ਦੇਖਣ ਨੂੰ ਮਿਲਿਆ,ਚਾਹੇ ਉਹ ਰਾਸ਼ਟਰੀ ਸੁਰੱਖਿਆ ਹੋਵੇ,ਖੇਡਾਂ,ਵਿਗਿਆਨਕ ਕਾਢਾਂ ਜਾਂ ਵਿਸ਼ਵ ਦੇ ਵੱਡੇ ਮੰਚ ਹੋਣ। ਉਨ੍ਹਾਂ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ (ਜਿਸ ਵਿੱਚ 26 ਲੋਕ ਮਾਰੇ ਗਏ ਸਨ) ਦੇ ਜਵਾਬ ਵਿੱਚ 7 ਮਈ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਵਿਰੁੱਧ ਕੀਤੇ ਗਏ ਅਪਰੇਸ਼ਨ ਸਿੰਧੂਰ ਦੌਰਾਨ ਦੇਸ਼ ਦੇ ਹਰ ਕੋਨੇ ਵਿੱਚੋਂ 'ਮਾਂ ਭਾਰਤੀ' ਪ੍ਰਤੀ ਪਿਆਰ ਅਤੇ ਸ਼ਰਧਾ ਦੀਆਂ ਤਸਵੀਰਾਂ ਸਾਹਮਣੇ ਆਈਆਂ।
ਪ੍ਰਧਾਨ ਮੰਤਰੀ ਨੇ ਕੌਮੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ,ਖੇਡਾਂ ਵਿੱਚ ਪੁਰਸ਼ ਕ੍ਰਿਕਟ ਟੀਮ ਵੱਲੋਂ ਆਈਸੀਸੀ ਚੈਂਪੀਅਨਜ਼ ਟਰਾਫੀ ਅਤੇ ਮਹਿਲਾ ਟੀਮ ਵੱਲੋਂ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੇ ਨਾਲ-ਨਾਲ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਦਾ ਵੀ ਜ਼ਿਕਰ ਕੀਤਾ।
ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਸ਼ੁਭਾਂਸ਼ੂ ਸ਼ੁਕਲਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣਨ ਅਤੇ ਦੇਸ਼ ਵਿੱਚ ਚੀਤਿਆਂ ਦੀ ਗਿਣਤੀ 30 ਤੋਂ ਪਾਰ ਹੋਣ ਦੀ ਸ਼ਲਾਘਾ ਕੀਤੀ। ਸੱਭਿਆਚਾਰਕ ਮੀਲ ਪੱਥਰਾਂ ਵਜੋਂ ਉਨ੍ਹਾਂ ਪ੍ਰਯਾਗਰਾਜ ਮਹਾਕੁੰਭ ਅਤੇ ਅਯੁੱਧਿਆ ਦੇ ਰਾਮ ਮੰਦਰ ਵਿੱਚ 'ਧਵਜਾਰੋਹਣ' ਸਮਾਰੋਹ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 'ਸਵਦੇਸ਼ੀ' ਪ੍ਰਤੀ ਵਧੇ ਉਤਸ਼ਾਹ ਅਤੇ ਨੌਜਵਾਨ ਸ਼ਕਤੀ ਨੇ ਭਾਰਤ ਦਾ ਆਤਮ-ਵਿਸ਼ਵਾਸ ਵਧਾਇਆ ਹੈ ਅਤੇ ਹੁਣ ਦੇਸ਼ ਕੁਦਰਤੀ ਆਫ਼ਤਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨਵੀਆਂ ਉਮੀਦਾਂ ਤੇ ਮਤੇ ਦੇ ਨਾਲ ਸਾਲ 2026 ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ।
ਮਨ ਕੀ ਬਾਤ 2025 ਭਾਰਤ ਲਈ ਮਾਣਮੱਤੀਆਂ ਪ੍ਰਾਪਤੀਆਂ ਦਾ ਸਾਲ ਰਿਹਾ ਮੋਦੀ
