ਹੁਸ਼ਿਆਰਪੁਰ- ਪੰਜਾਬ ਸਰਕਾਰ ਦੀ ਮੰਗ ਉੱਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਰੋਡ ਨੂੰ ਰਾਸ਼ਟਰੀ ਮਾਰਗ ਦਾ ਦਰਜਾ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਖੰਨਾ ਦੇ ਦਫ਼ਤਰ ਤੋਂ ਜਿਓਤੀ ਕੁਮਾਰ ਜੌਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ.) ਦੇ ਰਾਜ ਸਚਿਵ ਰਵੀ ਭਗਤ ਵੱਲੋਂ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਸੜਕ ਨੂੰ ਰਾਸ਼ਟਰੀ ਮਾਰਗ ਘੋਸ਼ਿਤ ਕਰਨ ਲਈ ਮੰਗ ਪੱਤਰ ਮਿਲਿਆ ਹੈ। 
ਇਸ ਪੱਤਰ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੜਕ ਨੂੰ ਰਾਸ਼ਟਰੀ ਮਾਰਗ ਦੇ ਤੌਰ ‘ਤੇ ਘੋਸ਼ਿਤ ਕੀਤਾ ਜਾਵੇ। ਖੰਨਾ ਨੇ ਲੋਕਾਂ ਦੀ ਸਹੂਲਤ ਲਈ ਇਹ ਮੰਗ ਪੱਤਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਭੇਜਦਿਆਂ ਬਲਾਚੌਰ-ਹੁਸ਼ਿਆਰਪੁਰ-ਦਸੂਹਾ ਰੋਡ ਨੂੰ ਜਲਦ ਰਾਸ਼ਟਰੀ ਮਾਰਗ ਘੋਸ਼ਿਤ ਕਰਨ ਦੀ ਸਿਫਾਰਸ਼ ਕੀਤੀ ਹੈ। 
ਯਾਦ ਰਹੇ ਕਿ ਖੰਨਾ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮਾਮਲੇ ‘ਤੇ ਖੁਦ ਪਹਿਲ ਕਰਦੇ ਹੋਏ ਨਿਤਿਨ ਗਡਕਰੀ ਨੂੰ ਮਿਲ ਚੁੱਕੇ ਹਨ ਅਤੇ ਉਸ ਸਮੇਂ ਗਡਕਰੀ ਨੇ ਕਿਹਾ ਸੀ ਕਿ ਇਹ ਸਟੇਟ ਹਾਈਵੇ 24 ਹੈ ਤੇ ਜਦ ਤੱਕ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਬੇਨਤੀ ਨਹੀਂ ਆਉਂਦੀ, ਤਦ ਤੱਕ ਕੇਂਦਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਹੁਣ ਜਦ ਕਿ ਪੰਜਾਬ ਸਰਕਾਰ ਵੱਲੋਂ ਇਸ ਰੋਡ ਨੂੰ ਰਾਸ਼ਟਰੀ ਮਾਰਗ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ, ਖੰਨਾ ਨੇ ਕਿਹਾ ਕਿ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਸਬੰਧੀ ਜਲਦ ਕਾਰਵਾਈ ਕਰੇਗੀ।