ਹੁਸ਼ਿਆਰਪੁਰ, 1 ਅਗਸਤ:- ਰੋਟਰੀ ਆਈ ਬੈਂਕ ਐਂਡ ਕੋਰਨੀਆਲ ਟਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਤੇਰਾ ਆਸਰਾ ਸੇਵਾ ਘਰ, ਦਸ਼ਮੇਸ਼ ਨਗਰ ਦੀ ਵਸਨੀਕ ਜਸਵਿੰਦਰ ਕੌਰ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਆਖ਼ਰੀ ਇੱਛਾ ਨੂੰ ਸਾਕਾਰ ਕਰਦਿਆਂ ਨੇਤਰ ਦਾਨ ਅਤੇ ਸਰੀਰ ਦਾਨ ਦੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਗਈ।
ਪ੍ਰਧਾਨ ਜੇ.ਬੀ. ਬਹਿਲ ਨੇ ਦੱਸਿਆ ਕਿ ਜਸਵਿੰਦਰ ਕੌਰ ਦੇ ਦੇਹਾਂਤ ਦੀ ਸੂਚਨਾ ਮਿਲਦੇ ਹੀ ਥਿੰਦ ਆਈ ਹਸਪਤਾਲ ਨਾਲ ਸੰਪਰਕ ਕੀਤਾ ਗਿਆ, ਜਿੱਥੇ ਡਾ. ਪ੍ਰਦੀਪ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਅਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਨੇਤਰ ਦਾਨ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਇਸ ਉਪਰੰਤ ਉਨ੍ਹਾਂ ਦਾ ਸਰੀਰ ਖੋਜ ਅਤੇ ਮੈਡੀਕਲ ਸਿੱਖਿਆ ਦੇ ਉਦੇਸ਼ ਨਾਲ ਰਾਜੀਵ ਗਾਂਧੀ ਸਰਕਾਰੀ ਪੋਸਟ ਗ੍ਰੈਜੂਏਟ ਆਯੁਰਵੇਦਿਕ ਕਾਲਜ, ਪਪ੍ਰੋਲਾ (ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼) ਭੇਜਿਆ ਗਿਆ, ਜਿੱਥੇ ਰਚਨਾ ਸਰੀਰ ਵਿਭਾਗ ਦੇ ਮੁਖੀ ਡਾ. ਰਾਮ ਮੋਹਨ ਕੁਸ਼ਵਾਹ ਅਤੇ ਉਨ੍ਹਾਂ ਦੀ ਟੀਮ ਨੇ ਪੂਰੇ ਸਨਮਾਨ ਨਾਲ ਸਰੀਰ ਨੂੰ ਸਵੀਕਾਰ ਕੀਤਾ।
ਇਸ ਮੌਕੇ ਸੋਸਾਇਟੀ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਵਿੱਚ ਇਸ ਸਮੇਂ 38 ਬੇਸਹਾਰਾ ਬਜ਼ੁਰਗ ਰਹਿ ਰਹੇ ਹਨ ਅਤੇ ਸਾਰਿਆਂ ਨੇ ਨੇਤਰ ਦਾਨ ਅਤੇ ਸਰੀਰ ਦਾਨ ਦੇ ਪ੍ਰਣ ਪੱਤਰ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਮਾਜ ਲਈ ਬਹੁਤ ਹੀ ਪ੍ਰੇਰਣਾਦਾਇਕ ਅਤੇ ਸ਼ਲਾਘਾਯੋਗ ਉਪਰਾਲਾ ਹੈ।
ਸੋਸਾਇਟੀ ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਵੱਲੋਂ ਇਹ ਤੀਜਾ ਮਰਨ ਉਪਰੰਤ ਸਰੀਰ ਦਾਨ ਹੈ, ਜੋ ਰਾਜੀਵ ਗਾਂਧੀ ਸਰਕਾਰੀ ਪੋਸਟ ਗ੍ਰੈਜੂਏਟ ਆਯੁਰਵੇਦਿਕ ਕਾਲਜ, ਪਪ੍ਰੋਲਾ ਨੂੰ ਖੋਜ ਅਤੇ ਮੈਡੀਕਲ ਸਿੱਖਿਆ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਹੁਣ ਤੱਕ 32 ਮ੍ਰਿਤਕਾਂ ਦੇ ਸਰੀਰ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਖੋਜ ਕਾਰਜਾਂ ਲਈ ਦਾਨ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ 250 ਤੋਂ ਵੱਧ ਵਿਅਕਤੀਆਂ ਨੇ ਸਰੀਰ ਦਾਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 4,169 ਨੇਤਰਹੀਣ ਵਿਅਕਤੀਆਂ ਨੂੰ ਕੋਰਨੀਆ (ਪੁਤਲੀ) ਟਰਾਂਸਪਲਾਂਟ ਰਾਹੀਂ ਨਵੀਂ ਰੌਸ਼ਨੀ ਮਿਲ ਚੁੱਕੀ ਹੈ।
ਸੰਜੀਵ ਅਰੋੜਾ ਨੇ ਕਿਹਾ ਕਿ ਨੇਤਰ ਦਾਨ ਅਤੇ ਸਰੀਰ ਦਾਨ ਅਜਿਹਾ ਮਹਾਨ ਦਾਨ ਹੈ ਜੋ ਮਰਨ ਉਪਰੰਤ ਹੀ ਸੰਭਵ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੇ ਜੀਵਨ ਕਾਲ ਦੌਰਾਨ ਹੀ ਪ੍ਰਣ ਪੱਤਰ ਭਰਨਾ ਚਾਹੀਦਾ ਹੈ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਤੇਰਾ ਆਸਰਾ ਸੇਵਾ ਘਰ ਦੀ ਸੰਚਾਲਿਕਾ ਰਜਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵਿੱਚ ਬੇਸਹਾਰਾ ਬਜ਼ੁਰਗਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਸਮਾਜ ਦੇ ਸਹਿਯੋਗ ਨਾਲ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਸਵਿੰਦਰ ਕੌਰ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਦਾਨ ਕੀਤਾ ਜਾਵੇ, ਜਿਸ ਨੂੰ ਰੋਟਰੀ ਆਈ ਬੈਂਕ ਐਂਡ ਕੋਰਨੀਆਲ ਟਰਾਂਸਪਲਾਂਟੇਸ਼ਨ ਸੋਸਾਇਟੀ ਦੇ ਸਹਿਯੋਗ ਨਾਲ ਸਾਕਾਰ ਕੀਤਾ ਗਿਆ।
ਜਸਵਿੰਦਰ ਕੌਰ ਮਰਨ ਉਪਰੰਤ ਬਣੀ ਨੇਤਰਦਾਨੀ ਤੇ ਸਰੀਰਦਾਨੀ ਸਮਾਜ ਲਈ ਛੱਡ ਗਈ ਪ੍ਰੇਰਣਾਦਾਇਕ ਸੰਦੇਸ਼
