ਅੰਬਾਲਾ, 25 ਜੁਲਾਈ:- ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਪੂਰਾ ਦੇਸ਼ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪੇਪਰ ਲੀਕ ਵਿਰੁੱਧ ਸਾਰਹੇ ਵਿਦਿਆਰਥੀਆਂ ਅਤੇ ਵਿਰੋਧੀ ਧਿਰਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਪਰੰਤੂ ਸਰਕਾਰ ਉਨ੍ਹਾਂ 'ਤੇ ਧਿਆਨ ਦੇਣ ਦੀ ਬਜਾਏ, ਤਾਨਾਸ਼ਾਹੀ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੁੱਡਾ ਕੱਲ੍ਹ ਸ਼ਾਮ ਨੂੰ ਸਢੌਰਾ ਤੋਂ ਵਿਧਾਇਕ ਰਹੇ ਰਾਜਪਾਲ ਭੂਖੜੀ ਦੇ ਪਿੰਡ ਭੂਖੜੀ ਵਿਚ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਨਰਾਇਣਗੜ੍ਹ ਵਿਚ ਮੀਡੀਆ ਦੀਆਂ ਪੁੱਛਾਂ ਦੇ ਉੱਤਰ ਦੇ ਰਹੇ ਸਨ।
ਉਨ੍ਹਾਂ ਦੇ ਨਾਲ ਅੰਬਾਲਾ ਤੋਂ ਲੋਕ ਸਭਾ ਮੈਂਬਰ ਵਰੁਣ ਮੁਲਾਣਾ ਵੀ ਮੌਜੂਦ ਸਨ। ਭੂਖੜੀ ਦਾ 20 ਜੁਲਾਈ ਨੂੰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹ ਪ੍ਰਮੁੱਖ ਦਲਿਤ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਸ਼ੈਲਜਾ ਦੇ ਨੇੜੇ ਸਮਝੇ ਜਾਂਦੇ ਸਨ।
ਇਕ ਸਵਾਲ ਦੇ ਜੁਆਬ ਵਿਚ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਅਧੀਨ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਹੋ ਰਹੇ ਹਨ। ਇਸੇ ਕਰਕੇ ਦੇਸ਼ ਭਰ ਦੇ ਵਿਦਿਆਰਥੀ ਪ੍ਰੀਖਿਆ ਪ੍ਰਕਿਰਿਆ ਵਿੱਚ ਸੁਧਾਰਾਂ ਲਈ ਅੰਦੋਲਨ ਕਰ ਰਹੇ ਹਨ। ਭਾਜਪਾ ਨੇ ਹਰਿਆਣਾ ਨੂੰ ਵੀ ਪੇਪਰ ਲੀਕ ਦਾ ਕੇਂਦਰ ਬਣਾਇਆ ਹੈ। ਪਿਛਲੇ 12 ਸਾਲਾਂ ਤੋਂ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੇ ਰੂਪ ਵਿੱਚ ਕਾਂਗਰਸ ਨੇ ਇਸ ਮੁੱਦੇ ਨੂੰ ਸੜਕਾਂ ਤੋਂ ਲੈ ਕੇ ਪ੍ਰਤੀਨਿਧੀ ਸਭਾ ਤੱਕ ਲਗਾਤਾਰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਭਰਤੀ ਬੋਰਡ ਦੇ ਅੰਦਰ ਅਹੁਦਿਆਂ ਲਈ ਬੋਲੀ ਲਾਉਂਦੇ ਲੋਕ ਫੜੇ ਗਏ।
ਸਰਕਾਰ ਨੇ ਮਾਮਲੇ ਦੀ ਜਾਂਚ ਦਾ ਦਿਖਾਵਾ ਕੀਤਾ ਪਰ ਨਾ ਤਾਂ ਜਾਂਚ ਰਿਪੋਰਟ ਕਦੇ ਸਾਹਮਣੇ ਆਈ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਇਸ ਦਾ ਮਤਲਬ ਹੈ ਕਿ ਹਰਿਆਣਾ ਅਤੇ ਕੇਂਦਰ ਦੋਵੇਂ ਹੀ ਪੇਪਰ ਲੀਕ ਕਰਨ ਵਾਲੇ ਨੂੰ ਬਚਾ ਰਹੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਹੁੱਡਾ ਨੇ ਕਿਹਾ ਕਿ ਸਰਕਾਰ ਜੋ ਹੁਣ ਨਵੇਂ ਕਾਨੂੰਨ ਬਣਾਉਣ ਲਈ ਕੈਬਨਿਟ ਮੀਟਿੰਗਾਂ ਕਰ ਰਹੀ ਹੈ, ਜੇ ਪਹਿਲਾਂ ਜਾਗ ਜਾਂਦੀ ਤਾਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੁੰਦਾ।
ਵਿਧਾਨ ਸਭਾ ਨਤੀਜਿਆਂ ਬਾਰੇ ਪੁੱਛੇ ਜਾਣ ਤੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ ਨੇ ਬਹੁਮਤ ਚੋਰੀ ਕਰਕੇ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤੀਆਂ। ਰਾਹੁਲ ਗਾਂਧੀ ਨੇ ਖ਼ੁਦ ਸਬੂਤਾਂ ਨਾਲ ਇਸ ਦਾ ਪਰਦਾਫਾਸ਼ ਕੀਤਾ ਹੈ।
ਨਰਾਇਣਗੜ੍ਹ ਦੀ ਵਿਧਾਇਕ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਹੁੱਡਾ ਨੇ ਕਿਹਾ ਕਿ ਵਿਧਾਇਕ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਕਾਂਗਰਸ ਦੇ ਨਾਮ 'ਤੇ ਵੋਟਾਂ ਲੈ ਕੇ ਪਾਰਟੀ ਨਾਲ ਧੋਖਾ ਕੀਤਾ ਹੈ। ਇੱਥੇ ਦੱਸ ਦੇਈਏ ਕਿ ਰਾਜ ਸਭਾ ਚੋਣਾਂ ਦੌਰਾਨ ਸ਼ੈਲੀ ਚੌਧਰੀ ਤੇ ਕਰਾਸ ਵੋਟਿੰਗ ਦਾ ਦੋਸ਼ ਲੱਗਾ ਸੀ ਜਦੋਂ ਕਿ ਵਿਧਾਇਕ ਦਾ ਕਹਿਣਾ ਸੀ ਕਿ ਉਸ ਨੇ ਵੋਟ ਕਾਂਗਰਸ ਉਮੀਦਵਾਰ ਨੂੰ ਪਾਈ ਹੈ। ਇਸ ਵਿਵਾਦ ਤੋਂ ਬਾਅਦ ਉਸ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਉੱਡਦੀਆਂ ਰਹੀਆਂ ਹਨ।
ਜੇ ਸਰਕਾਰ ਪਹਿਲਾਂ ਜਾਗ ਜਾਂਦੀ ਤਾਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੁੰਦਾ ਹੁੱਡਾ
