ਹੁਸ਼ਿਆਰਪੁਰ:- ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਦੇ ਸਮੁੱਚੇ ਵਿਕਾਸ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਭੰਗੀ ਚੋਅ ‘ਤੇ ਹਾਈ ਲੈਵਲ ਪੁਲ ਨਿਰਮਾਣ ਅਤੇ ਨਵੇਂ ਸਰਕਾਰੀ ਸਕੂਲ ਦੇ ਨਿਰਮਾਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਹ ਦੋਵੇਂ ਪ੍ਰੋਜੈਕਟ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ। ਵਿਧਾਇਕ ਜਿੰਪਾ ਨੇ ਕਿਹਾ ਕਿ ਧੋਬੀ ਘਾਟ-ਆਦਮਵਾਲ ਸੜਕ 'ਤੇ ਭੰਗੀ ਚੋਆ ਉੱਤੇ 120 ਮੀਟਰ ਲੰਬੇ ਅਤੇ 10 ਮੀਟਰ ਚੌੜੇ ਹਾਈ-ਲੈਵਲ ਪੁਲ ਦੇ ਨਿਰਮਾਣ ਲਈ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਗਈ ਹੈ। 
ਇਸ ਪ੍ਰੋਜੈਕਟ ਦੀ ਕੁੱਲ ਲਾਗਤ 8.11 ਕਰੋੜ ਰੁਪਏ ਹੋਵੇਗੀ ਅਤੇ ਇਹ ਪੁਲ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ 6 ਸਪੈਨ (ਹਰੇਕ 20 ਮੀਟਰ) ਦੇ ਨਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲ ਦੇ ਨਿਰਮਾਣ ਨਾਲ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਸਥਾਈ ਰਾਹਤ ਮਿਲੇਗੀ ਅਤੇ ਧੋਬੀ ਘਾਟ, ਨਵੀਂ ਆਬਾਦੀ ਅਤੇ ਆਦਮਵਾਲ ਰੋਡ ਵਿਚਕਾਰ ਸੰਪਰਕ ਹੋਰ ਮਜ਼ਬੂਤ ਹੋਵੇਗਾ। ਵਿਧਾਇਕ ਨੇ ਕਿਹਾ ਕਿ ਇਹ ਪੁਲ ਧੋਬੀ ਘਾਟ, ਨਵੀਂ ਆਬਾਦੀ ਅਤੇ ਆਦਮਵਾਲ ਰੋਡ ਨੂੰ ਸੁਰੱਖਿਅਤ, ਸੁਚਾਰੂ ਅਤੇ ਤੇਜ਼ ਆਵਾਜਾਈ ਸਹੂਲਤ ਨਾਲ ਜੋੜੇਗਾ। 
ਇਸ ਨਾਲ ਨਾ ਸਿਰਫ਼ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ ਸਗੋਂ ਨੇੜ੍ਹਲੇ ਪਿੰਡਾਂ ਦੇ ਵਿਦਿਆਰਥੀਆਂ, ਕਿਸਾਨਾਂ, ਕਾਰੋਬਾਰੀਆਂ ਅਤੇ ਕਰਮਚਾਰੀਆਂ ਦੀ ਆਵਾਜਾਈ ਨੂੰ ਵੀ ਸੁਵਿਧਾਜਨਕ ਬਣਾਇਆ ਜਾਵੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਪੁਲ ਦੇ ਨਿਰਮਾਣ ਨਾਲ ਇਲਾਕੇ ਦੇ ਆਰਥਿਕ, ਸਮਾਜਿਕ ਅਤੇ ਵਿਦਿਅਕ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ। ਬਰਸਾਤ ਦੇ ਮੌਸਮ ਦੌਰਾਨ ਭੰਗੀ ਚੋਅ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਸੀ, ਜਿਸ ਨਾਲ ਸੜਕ ਬੰਦ ਹੋ ਜਾਂਦੀ ਸੀ, ਜਿਸ ਨਾਲ ਜਨਤਾ ਨੂੰ ਕਾਫ਼ੀ ਅਸੁਵਿਧਾ ਹੁੰਦੀ ਸੀ। 
ਨਵੇਂ ਉੱਚ-ਪੱਧਰੀ ਪੁਲ ਦੇ ਨਿਰਮਾਣ ਨਾਲ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਕਰਦੇ ਹੋਏ ਵਿਧਾਇਕ ਜਿੰਪਾ ਨੇ ਦੱਸਿਆ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਨਾਲ ਲੱਗਦੀ ਨਗਰ ਨਿਗਮ ਦੀ 4.50 ਏਕੜ ਜ਼ਮੀਨ 'ਤੇ ਇੱਕ ਅਤਿ-ਆਧੁਨਿਕ ਸਰਕਾਰੀ ਸਕੂਲ ਬਣਾਇਆ ਜਾਵੇਗਾ।