ਚੰਡੀਗੜ੍ਹ, 11 ਸਤੰਬਰ:- ਹਰਿਆਣਾ ਦੇ ਖੇਡ, ਯੁਵਾ, ਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਸ਼ੁੱਕਰਵਾਰ ਨੂੰ ਸੋਨੀਪਤ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਨੇ ਸਾਈਂ ਸੈਂਟਰ ਕੰਪਲੈਕਸ ਵਿੱਚ 100 ਫੁੱਟ ਉੱਚੇ ਗਗਨਚੁੰਬੀ ਤਿਰੰਗੇ ਨੂੰ ਲਹਿਰਾਇਆ ਅਤੇ ਸਾਈਂ ਕੰਪਲੈਕਸ ਵਿੱਚ ਭਾਰਤ ਮਾਤਾ ਦੀ ਮੂਰਤੀ ਦਾ ਅਨਾਵਰਣ ਵੀ ਕੀਤਾ। ਉਨ੍ਹਾਂ ਜਾਪਾਨ ਲਈ ਰਵਾਨਾ ਹੋਣ ਵਾਲੇ ਤੀਰਅੰਦਾਜ਼ੀ ਅਤੇ ਸੇਪਕ ਟਕਰਾ ਦੇ ਖਿਡਾਰੀਆਂ ਨੂੰ ਫੁੱਲ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਾਈਂ ਸੈਂਟਰ ਕੰਪਲੈਕਸ ਵਿੱਚ ਸਥਾਪਤ ਭਾਰਤ ਮਾਤਾ ਦੀ ਮੂਰਤੀ ਅਤੇ ਗਗਨਚੁੰਬੀ ਤਿਰੰਗਾ ਖਿਡਾਰੀਆਂ ਵਿੱਚ ਰਾਸ਼ਟਰਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦੇ ਦਮ 'ਤੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਕੌਮਾਂਤਰੀ ਪੱਧਰ 'ਤੇ ਰੌਸ਼ਨ ਕੀਤਾ ਹੈ।
ਉਨ੍ਹਾਂ ਹਾਲ ਹੀ ਵਿੱਚ ਸੰਪੰਨ ਕਾਮਨਵੈਲਥ ਗੇਮਜ਼ ਵਿੱਚ ਹਰਿਆਣਾ ਦੀਆਂ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੀਆਂ ਮਹਿਲਾ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗ਼ਮਾ ਸੂਚੀ ਵਿੱਚ ਹਰਿਆਣਾ ਨੂੰ 12ਵੇਂ ਸਥਾਨ ਤੋਂ ਸਿੱਧੇ ਚੌਥੇ ਸਥਾਨ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਰਿਆਣਾ ਦਾ ਹਰ ਖਿਡਾਰੀ ਆਪਣੀ ਪ੍ਰਤਿਭਾ, ਲਗਨ ਅਤੇ ਮਿਹਨਤ ਦੇ ਦਮ 'ਤੇ ਦੇਸ਼ ਲਈ ਮਾਣ ਹਾਸਲ ਕਰੇਗਾ।
ਉਨ੍ਹਾਂ ਜਾਪਾਨ ਵਿੱਚ ਆਯੋਜਿਤ ਹੋਣ ਵਾਲੇ 20ਵੇਂ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਵਾਲੇ ਤੀਰਅੰਦਾਜ਼ੀ ਅਤੇ ਸੇਪਕ ਟਕਰਾ ਖੇਡ ਨਾਲ ਜੁੜੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਵੀ ਕੀਤੀ। ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਉਹ ਪੂਰੇ ਆਤਮਵਿਸ਼ਵਾਸ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਸਾਈਂ ਦੇ ਅਧਿਕਾਰੀਆਂ ਅਤੇ ਕੋਚਾਂ ਦਾ ਵੀ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਸਹੂਲਤਾਂ ਉਪਲਬਧ ਕਰਵਾਉਣ ਲਈ ਧੰਨਵਾਦ ਕੀਤਾ।
