ਚੰਡੀਗੜ੍ਹ, 3 ਜੂਨ:– ਹਰਿਆਣਾ ਸਰਕਾਰ ਨੇ ਮਾਲ ਪ੍ਰਸ਼ਾਸਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਵਧੇਰੇ ਸੁਦ੍ਰਿੜ੍ਹ (ਮਜ਼ਬੂਤ) ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਨਵੇਂ ਪਦਉੱਨਤ (ਪ੍ਰਮੋਟ ਹੋਏ) 33 ਨਾਇਬ ਤਹਿਸੀਲਦਾਰਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਅਧਿਕਾਰੀ ਹਾਲ ਹੀ ਵਿੱਚ ਕਾਨੂੰਨਗੋ ਅਤੇ ਜ਼ਿਲ੍ਹਾ ਮਾਲ ਲੇਖਾਕਾਰ (ਡੀ.ਆਰ.ਏ.) ਦੇ ਅਹੁਦਿਆਂ ਤੋਂ ਪਦਉੱਨਤ ਹੋਏ ਹਨ ਅਤੇ ਇਹਨਾਂ ਨੂੰ ਸੂਬੇ ਦੇ ਵੱਖ-ਵੱਖ ਮਾਲ ਅਦਾਰਿਆਂ ਵਿੱਚ ਖਾਲੀ ਅਹੁਦਿਆਂ ਦੇ ਵਿਰੁੱਧ ਨਿਯੁਕਤ ਕੀਤਾ ਗਿਆ ਹੈ। ਇਹ ਆਦੇਸ਼ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਵੱਲੋਂ 2 ਜੂਨ 2026 ਨੂੰ ਜਾਰੀ ਕੀਤੇ ਗਏ।
ਇਨ੍ਹਾਂ ਜਾਰੀ ਆਦੇਸ਼ਾਂ ਅਨੁਸਾਰ ਸਾਰੇ 33 ਅਧਿਕਾਰੀਆਂ ਨੂੰ ਆਪਣੇ ਨਵੇਂ ਕਾਰਜ ਸਥਾਨਾਂ 'ਤੇ ਤੁਰੰਤ ਪ੍ਰਭਾਵ ਨਾਲ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਲੰਬੇ ਸਮੇਂ ਤੋਂ ਖਾਲੀ ਚੱਲ ਰਹੇ ਮਾਲ ਅਹੁਦਿਆਂ ਨੂੰ ਭਰਨਾ ਅਤੇ ਸੂਬੇ ਵਿੱਚ ਜ਼ਮੀਨੀ ਪ੍ਰਸ਼ਾਸਨ, ਮਾਲ ਉਗਰਾਹੀ, ਮਿਊਟੇਸ਼ਨ (ਇੰਤਕਾਲ) ਦਾ ਕੰਮ, ਰਿਕਾਰਡ ਪ੍ਰਬੰਧਨ ਅਤੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਨਿਯੁਕਤ ਕੀਤੇ ਗਏ ਅਧਿਕਾਰੀਆਂ ਵਿੱਚੋਂ ਕੁਝ ਨੂੰ ਕ੍ਰਮਵਾਰ ਪਾਣੀਪਤ, ਸਿਰਸਾ, ਮਹਿੰਦਰਗੜ੍ਹ, ਕਾਲਾਂਵਾਲੀ, ਬੇਰੀ, ਹਾਂਸੀ, ਨਾਰਨੌਲ, ਜਗਾਧਰੀ, ਵਜ਼ੀਰਾਬਾਦ, ਫ਼ਤਿਹਾਬਾਦ, ਚਰਖੀ ਦਾਦਰੀ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਅਧਿਕਾਰੀਆਂ ਨੂੰ ਪਲਵਲ, ਮੋਹਨਾ, ਗੋਹਾਨਾ, ਫ਼ਰੁਖਨਗਰ, ਸਾਂਪਲਾ, ਸੋਨੀਪਤ, ਰਤੀਆ, ਕਰਨਾਲ, ਡੱਬਵਾਲੀ, ਅੰਬਾਲਾ, ਰਾਈ, ਪ੍ਰਤਾਪਨਗਰ (ਯਮੁਨਾਨਗਰ), ਰੋਹਤਕ ਅਤੇ ਚੰਡੀਗੜ੍ਹ ਸਥਿਤ ਵਿੱਤ ਕਮਿਸ਼ਨਰ ਮਾਲ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਮਾਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਕਈ ਜ਼ਿਲ੍ਹਿਆਂ ਵਿੱਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਮਾਲ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਨਾਲ ਲੰਬਿਤ (ਰੁਕੇ ਹੋਏ) ਮਾਲ ਮਾਮਲਿਆਂ ਦੇ ਜਲਦੀ ਨਿਪਟਾਰੇ ਵਿੱਚ ਤੇਜ਼ੀ ਆਵੇਗੀ ਅਤੇ ਪੇਂਡੂ ਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਨਾਗਰਿਕ ਸੇਵਾਵਾਂ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਵਿੱਚ ਸੁਧਾਰ ਹੋਵੇਗਾ।