ਨਵਾਂਸ਼ਹਿਰ, 24 ਜੁਲਾਈ:- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿਦਿਆਰਥਣਾਂ ਨੂੰ ਮੁਫ਼ਤ ਸਕੂਲ ਬੈਗ ਵੰਡਣ ਦੀ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਆਗਾਜ਼ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਤੋਂ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਲਖਵਿੰਦਰ (ਲੱਕੀ) ਲੱਧੜ ਨੇ ਸਕੂਲ ਦੀਆਂ 400 ਵਿਦਿਆਰਥਣਾਂ ਨੂੰ ਮੁਫ਼ਤ ਸਕੂਲ ਬੈਗ ਵੰਡੇ।
ਇਸ ਮੌਕੇ ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਨੇ ਮੁੱਖ ਮਹਿਮਾਨ ਲਖਵਿੰਦਰ ਲੱਧੜ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਲਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥਣਾਂ ਨੂੰ ਮੁਫ਼ਤ ਸਕੂਲ ਬੈਗ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਵਿੱਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਗਾਂ ਵਿੱਚ ਵਿਦਿਆਰਥਣਾਂ ਆਪਣੀਆਂ ਕਿਤਾਬਾਂ, ਕਾਪੀਆਂ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਲੋੜੀਂਦਾ ਸਮਾਨ ਸੁਵਿਧਾਜਨਕ ਢੰਗ ਨਾਲ ਰੱਖ ਸਕਣਗੀਆਂ। ਉਨ੍ਹਾਂ ਵਿਦਿਆਰਥਣਾਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਅਤੇ ਜੀਵਨ ਵਿੱਚ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਵੀ ਵਿਦਿਆਰਥਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ।
ਜ਼ਿਲ੍ਹਾ ਯੂਥ ਪ੍ਰਧਾਨ ਲਖਵਿੰਦਰ (ਲੱਕੀ) ਲੱਧੜ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਸਿੱਖਿਆ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਧੁਨਿਕ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ, ਅਜੀਤ ਸਿੰਘ, ਬਲਦੇਵ ਕ੍ਰਿਸ਼ਨ, ਚਰਨਜੀਤ ਸਿੰਘ, ਦਵਿੰਦਰ ਕੌਰ, ਬਾਜਵਾ, ਗਗਨਪ੍ਰੀਤ ਕੌਰ, ਗੁਰਸ਼ਰਨਦੀਪ, ਹਰਜਿੰਦਰ ਲਾਲ, ਹਰਜੀਤ ਰਾਣੀ, ਮਨਜੀਤ ਕੌਰ, ਰਾਜਨ ਰਾਣਾ, ਸਤਿੰਦਰ ਕੌਰ, ਸਤਨਾਮ ਸਿੰਘ, ਰਾਜਵਿੰਦਰ ਸਿੰਘ ਸੰਧੂ, ਰਣਜੀਤ ਕੌਰ, ਰੇਨੂ, ਨਿਸ਼ਾ, ਕਮਲਦੀਪ, ਰਮਨ ਰਾਣੀ, ਸੰਦੀਪ ਕੌਰ, ਨਿਰਮਲਜੀਤ, ਰਵਦੀਪ ਕੌਰ, ਨੀਲਮ ਰਾਣੀ, ਜਸਵੀਰ ਰਾਜ, ਬਲਵਿੰਦਰ ਕੌਰ, ਜਸਵਿੰਦਰ ਕੌਰ, ਨਿਧੀ ਉਮਤ, ਰਮਨਦੀਪ ਸਿੰਘ, ਸੰਜੀਵ ਕੁਮਾਰ, ਰਾਜਿੰਦਰ ਨਾਥ, ਕੁਲਦੀਪ ਕੁਮਾਰ, ਪਰਮਪ੍ਰੀਤ ਸਿੰਘ, ਪਰਮਿੰਦਰ ਸਿੰਘ ਅਤੇ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।